ਹੁਸ਼ਿਆਰਪੁਰ/ਦਲਜੀਤ ਅਜਨੋਹਾ
ਰਿਆਤ-ਬਾਹਰਾ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਨੈਨੋ ਟੈਕਨਾਲੋਜੀ, ਹੁਸ਼ਿਆਰਪੁਰ ਵੱਲੋਂ ਐਡਮਿਸ਼ਨ ਸੈੱਲ ਦੇ ਸਹਿਯੋਗ ਨਾਲ ‘ਸਿਟੀ ਟਾਪਰ ਐਵਾਰਡ ਸਮਾਰੋਹ’ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦਾ ਮੁੱਖ ਉਦੇਸ਼ 12ਵੀਂ ਜਮਾਤ ਦੇ ਨਾਨ-ਮੈਡੀਕਲ ਵਿਦਿਆਰਥੀਆਂ ਵੱਲੋਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸ਼ਹਿਰ ਦਾ ਨਾਮ ਰੌਸ਼ਨ ਕਰਨ ਉਤੇ ਉਨ੍ਹਾਂ ਨੂੰ ਸਨਮਾਨਿਤ ਕਰਨਾ ਸੀ।
ਇਸ ਮੌਕੇ ‘ਤੇ ਸ਼ਹਿਰ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਤੋਂ 150 ਤੋਂ ਵੱਧ ਵਿਦਿਆਰਥੀਆਂ ਨੇ ਆਪਣੇ ਮਾਪਿਆਂ ਸਮੇਤ ਸ਼ਿਰਕਤ ਕੀਤੀ। ਸਮਾਰੋਹ ਸਿਰਫ਼ ਸਨਮਾਨ ਤੱਕ ਸੀਮਿਤ ਨਹੀਂ ਸੀ, ਸਗੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਨੇਹਰੇ ਭਵਿੱਖ ਵੱਲ ਪ੍ਰੇਰਿਤ ਕਰਨ ਵਾਲਾ ਇੱਕ ਉਤਸ਼ਾਹਵਰਤ ਮੰਚ ਵੀ ਸੀ।
ਸਮਾਗਮ ਦੀ ਅਗਵਾਈ ਕਰਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾ. ਗੁਰਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੀ ਲਗਨ, ਅਨੁਸ਼ਾਸਨ ਅਤੇ ਮਿਹਨਤ ਇਹ ਦਰਸਾਉਂਦੀ ਹੈ ਕਿ ਭਵਿੱਖ ਵਿੱਚ ਇਹੀ ਸਮਾਜ ਦੇ ਨੇਤਾ ਬਣਨਗੇ । ਉਨ੍ਹਾਂ ਨੇ ਕਾਲਜ ਦੀਆਂ ਅਕਾਦਮਿਕ ਉਪਲਬਧੀਆਂ ਅਤੇ ਵਿਦਿਆਰਥੀਆਂ ਦੀਆਂ ਪ੍ਰੇਰਕ ਕਹਾਣੀਆਂ ਵੀ ਸਾਂਝੀਆਂ ਕੀਤੀਆਂ।
ਕੈਂਪਸ ਡਾਇਰੈਕਟਰ ਡਾ. ਚੰਦਰ ਮੋਹਨ ਨੇ ਆਪਣੀ ਗੱਲ ਵਿਚ ਕਿਹਾ, “ਸਿੱਖਿਆ ਸਿਰਫ਼ ਅੰਕ ਪ੍ਰਾਪਤ ਕਰਨ ਲਈ ਨਹੀਂ, ਸਗੋਂ ਇਹ ਜੀਵਨ ਨੂੰ ਸਹੀ ਦਿਸ਼ਾ ਦੇਣ ਦਾ ਸਾਧਨ ਹੈ।” ਉਨ੍ਹਾਂ ਕੈਂਪਸ ਦੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਵੀ ਜਾਣੂ ਕਰਵਾਇਆ।
ਸਮਾਰੋਹ ਦੇ ਅੰਤ ਵਿੱਚ, ਸਾਰੇ ਟਾਪਰ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਡਾ. ਕੁਲਦੀਪ ਵਾਲੀਆ, ਹਰਿੰਦਰ ਜਸਵਾਲ, ਗੁਰਪ੍ਰੀਤ ਬੇਦੀ ਸਮੇਤ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਅਧਿਆਪਕ ਵੀ ਹਾਜ਼ਰ ਰਹੇ।
Comments
Post a Comment