ਹੁਸ਼ਿਆਰਪੁਰ/ਦਲਜੀਤ ਅਜਨੋਹਾ
ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਕੰਮ ਕਰਦੇ ਦਰਜਾ ਚਾਰ ਕਿਰਤੀ ਮੁਲਾਜ਼ਮਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕਰਕੇ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਸਨਮਾਨ ਸਮਾਰੋਹ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਕਿਹਾ ਕਿ ਮਜ਼ਦੂਰਾਂ ਨਾਲ ਹੀ ਰਾਸ਼ਟਰ ਦਾ ਅਸਲ ਨਿਰਮਾਣ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੱਭਿਆਚਾਰ ਅਤੇ ਧਰਮ ਵਿੱਚ ਕਿਰਤ ਕਰਨ ਦੀ ਵੱਡੀ ਪ੍ਰਸ਼ੰਸਾ ਕੀਤੀ ਗਈ ਹੈ। ਉਨ੍ਹਾਂ ਇਸ ਮੌਕੇ ਕਾਲਜ ਦੇ ਦਰਜਾ ਚਾਰ ਮੁਲਾਜ਼ਮਾਂ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸੰਸਥਾ ਦੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਵਿੱਚ ਕਿਰਤੀ ਮੁਲਾਜ਼ਮਾਂ ਦਾ ਵਿਸ਼ੇਸ਼ ਹੱਥ ਹੁੰਦਾ ਹੈ। ਇਸ ਮੌਕੇ ਪ੍ਰੋਫੈਸਰ ਤਜਿੰਦਰ ਸਿੰਘ ਨੇ ਮਜ਼ਦੂਰ ਦਿਵਸ ਦੇ ਇਤਿਹਾਸ ਅਤੇ ਇਸਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਸਿੱਖ ਇਤਿਹਾਸ ਅਤੇ ਸਿੱਖ ਧਰਮ ਵਿੱਚੋਂ ਮਿਸਾਲਾਂ ਦੇ ਕੇ ਕਿਰਤ ਦੀ ਮਹੱਤਤਾ ਬਾਰੇ ਦੱਸਿਆ ਅਤੇ ਕਿਹਾ ਕਿ ਕਿਰਤੀ ਮਨੁੱਖ ਹੀ ਮਾਨਵੀ ਸੱਭਿਅਤਾ ਦਾ ਅਸਲ ਸਿਰਜਣਹਾਰ ਹੁੰਦਾ ਹੈ। ਇਸ ਸਮਾਰੋਹ ਮੌਕੇ ਕਾਲਜ ਦੇ ਕਰੀਬ ਤੀਹ ਦਰਜਾ ਚਾਰ ਕਿਰਤੀ ਮੁਲਾਜ਼ਮਾ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਮੰਚ ਦੀ ਕਾਰਵਾਈ ਡਾ ਰਾਜਕੁਮਾਰ ਨੇ ਚਲਾਈ। ਇਸ ਮੌਕੇ ਡਾ ਆਰਤੀ ਸ਼ਰਮਾ, ਡਾ ਜੇ ਬੀ ਸੇਖੋਂ, ਡਾ ਕੋਮਲ ਬੱਧਣ, ਡਾ ਬਲਵੀਰ ਕੌਰ, ਪ੍ਰੋ ਕੰਚਨ,ਡਾ ਕੁਲਦੀਪ ਸਿੰਘ,ਪ੍ਰੋ ਜਸਕਰਨ ਸਿੰਘ, ਪ੍ਰੋ ਮਨਪ੍ਰੀਤ ਸੇਠੀ, ਪ੍ਰੋ ਮਨਦੀਪ ਗੌਤਮ, ਕਾਂਤਾ ਦੇਵੀ, ਬਲਵਿੰਦਰ ਠੀਂਡਾ, ਜਸਵੀਰ ਸਿੰਘ ਆਦਿ ਸਮੇਤ ਸਟਾਫ ਹਾਜ਼ਰ ਸੀ।
Comments
Post a Comment