ਦਾਤਾਰਪੁਰ ਹਲਕਾ ਦਸੂਹਾ 'ਚ ਡਾ. ਅੰਬੇਡਕਰ ਦਾ 134ਵਾਂ ਜਨਮ ਦਿਨ ਮਨਾਇਆਡਾ. ਅੰਬੇਡਕਰ ਅਤੇ ਸਾਹਿਬ ਕਾਂਸ਼ੀ ਰਾਮ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ "ਪੜ੍ਹੋ , ਜੁੜੋ ਤੇ ਸੰਘਰਸ਼ ਕਰੋ" ਦਾ ਰਸਤਾ ਅਖਤਿਆਰ ਕਰਨਾ ਪਵੇਗਾ -ਚੌਹਾਨ

ਹੁਸ਼ਿਆਰਪੁਰ / ਦਲਜੀਤ ਅਜਨੋਹਾ
ਜ਼ਿਲਾ ਹੁਸ਼ਿਆਰਪੁਰ ਦੇਪਿੰਡ ਦਾਤਾਰਪੁਰ  ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮ ਦਿਹਾੜਾ ਬੜੇ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਭਗਵਾਨ ਸਿੰਘ ਚੌਹਾਨ ਅਤੇ ਅਮਨਦੀਪ ਸਿੰਘ ਸਿੱਧੂ ਬਾੜੀਆਂ ਕਲਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਬਾਬਾ ਸਾਹਿਬ ਅੰਬੇਡਕਰ ਜੀ ਦੀ ਪ੍ਰਤਿਮਾ ਅੱਗੇ ਨਮਨ ਕੀਤਾ ਗਿਆ ਤੇ ਫੁੱਲ ਮਾਲਾ ਅਰਪਿਤ ਕੀਤੀ ਗਈ। ਉਪਰੰਤ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਅਤੇ ਫ਼ਲਸਫ਼ੇ ਬਾਰੇ ਚਾਨਣਾ ਪਾਇਆ।
ਇਸ ਮੌਕੇ ਮੁੱਖ ਮਹਿਮਾਨ ਭਗਵਾਨ ਸਿੰਘ ਚੌਹਾਨ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਵਲੋੰ ਮਨੁੱਖਤਾ ਦੀ ਭਲਾਈ ਅਤੇ ਖਾਸ ਕਰਕੇ ਦਲਿਤ ਸਮਾਜ ਲਈ ਕੀਤੇ ਮਹਾਨ ਸੰਘਰਸ਼ ਅਤੇ ਇਤਿਹਾਸਕ ਫ਼ੈਸਲਿਆਂ ਕਰਕੇ ਉਨਾਂ ਨੂੰ ਪੂਰੀ ਦੁਨੀਆਂ ਵਿੱਚ ਵਿਸ਼ਵ ਦਾ ਮਹਾਨ ਵਿਅਕਤੀ ਸਭ ਤੋਂ ਵੱਧ ਪੜਿਆ ਲਿਖਿਆ ਵਿਦਵਾਨ ਆਗੂ ਮੰਨਿਆ ਜਾ ਰਿਹਾ ਹੈ। ਬਾਬਾ ਸਾਹਿਬ ਵਲੋੰ ਜੀਵਨ ਭਰ ਕੀਤੇ ਸਖਤ ਸੰਘਰਸ਼ ਅਤੇ ਲਿਖੇ ਸੰਵਿਧਾਨ ਦੀ ਬਦੌਲਤ ਸਮੁੱਚਾ ਬਹੁਜਨ ਦਲਿਤ ਸਮਾਜ ਚੰਗੀਆਂ ਚੰਗੀਆਂ ਨੌਕਰੀਆਂ ਦਾ ਆਨੰਦ ਮਾਣ ਰਿਹਾ ਹੈ,ਐਮ ਐਲ ਏ,ਐਮ ਪੀ, ਮੰਤਰੀ ਬਣਕੇ ਬੈਠੇ ਹਨ, ਪਰ ਬਾਬਾ ਸਾਹਿਬ ਨੇ ਲੱਖਾਂ ਲੋਕਾਂ ਦੇ ਭਾਰੀ ਇਕੱਠ ਵਿੱਚ ਕਿਹਾ ਸੀ ਕਿ ਮੈਨੂੰ ਪੜੇ ਲਿਖੇ ਸਮਾਜ ਨੇ ਧੋਖਾ ਦਿੱਤਾ , ਕੀ ਅੱਜ ਪੜਿਆ ਲਿਖਿਆ ਵਰਗ ਬਾਬਾ ਸਾਹਿਬ ਦੇ ਮਿਸ਼ਨ ਨੂੰ ਧੋਖਾ ਤਾਂ ਨਹੀਂ ਦੇ ਰਿਹਾ,ਉਨਾਂ ਦੇ ਕਹੇ "ਪੇ ਬੈਕ ਟੂ ਸੁਸਾਇਟੀ" ਦੇ ਫਰਜਾਂ ਨੂੰ ਨਿਭਾਅ ਰਿਹਾ ਹੈ। ਚੌਹਾਨ ਨੇ ਕਿਹਾ ਬਾਬਾ ਸਾਹਿਬ ਅੰਬੇਡਕਰ ਅਤੇ ਸਾਹਿਬ ਕਾਂਸ਼ੀ ਰਾਮ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ "ਪੜ੍ਹੋ , ਜੁੜੋ ਤੇ ਸੰਘਰਸ਼ ਕਰੋ" ਦਾ ਰਸਤਾ ਅਖਤਿਆਰ ਕਰਨਾ ਪਵੇਗਾ। ਸਾਰੇ ਬਹੁਜਨ ਸਮਾਜ ਨੂੰ ਸੰਵਿਧਾਨ ਅਤੇ ਸੰਵਿਧਾਨਕ ਹੱਕਾਂ ਨੂੰ ਬਚਾਉਣ ਲਈ ਇਕ ਆਗੂ,ਇਕ ਝੰਡਾ,ਇਕ ਪਲੇਟਫਾਰਮ ਤੇ ਇਕੱਠੇ ਹੋਣਾ ਪਵੇਗਾ। ਉਨਾਂ ਦਲਿਤ ਸਮਾਜ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਬਣਾਓ।
ਇਸ ਮੌਕੇ ਪਿੰਡ ਦੇ ਬੱਚਿਆਂ ਵਲੋੰ ਕਵਿਤਾਵਾਂ, ਜੀਵਨ ਦੀ ਗਾਥਾ ਬਾਰੇ ਵਿਚਾਰ ਪੇਸ਼ ਕੀਤੇ। ਸਮੂਹ ਨਗਰ ਨਿਵਾਸੀਆਂ ਵਿੱਚ ਭਾਰੀ ਉਤਸਾਹ ਵੇਖਣ ਨੂੰ ਮਿਲਿਆ ਅਤੇ ਪਿੰਡ ਵਾਸੀਆਂ ਨੇ ਪ੍ਰਣ ਕੀਤਾ ਕਿ ਅਸੀਂ ਬਾਬਾ ਸਾਹਿਬ ਅੰਬੇਡਕਰ ਦੇ ਦੱਸੇ ਹੋਏ ਮਾਰਗ ਤੇ ਚੱਲਾਂਗੇ।  ਸਟੇਜ ਸਕੱਤਰ ਦੀ ਭੂਮਿਕਾ ਰਾਜ਼ੇਸ਼ ਵੱਲੋਂ ਨਿਭਾਈ ਗਈ ਅਤੇ ਸਕੂਲ ਵਿੱਚੋਂ ਅੱਬਲ ਆਏ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਰਪੰਚ ਮੁਕੇਸ਼ ਕੁਮਾਰ, ਅਮਰਜੀਤ ਸਿੰਘ ਸੰਧੂ,  ਰਜਨੀਸ਼ ਸੰਧੂ ,ਰਮਨ ਕੁਮਾਰ, ਰਾਕੇਸ਼ ਕੁਮਾਰ ਦਾਤਾਰਪੁਰੀਆ,ਰਵਿੰਦਰ ਸਿੰਘ ਸੰਧੂ, ਰਾਜ ਕੁਮਾਰ ਅਤੇ ਇਲਾਕੇ ਦੇ ਪਤਵੰਤੇ ਸੱਜਣ ਹਾਜਰ ਸਨ।

Comments