ਹੁਸ਼ਿਆਰਪੁਰ/ਦਲਜੀਤ ਅਜਨੋਹਾ
ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਪ੍ਰਿੰਸੀਪਲ ਹਰਭਜਨ ਸਿੰਘ ਵਿਚਾਰ ਮੰਚ ਵੱਲੋਂ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਮੰਚ ਦੇ ਸੰਯੋਜਕ ਪ੍ਰੋਫੈਸਰ ਅਜੀਤ ਲੰਗੇਰੀ ਦੀ ਅਗਵਾਈ ਹੇਠ ਇਕ ਸੰਗੀਤਕ ਅਤੇ ਸਾਹਿਤਕ ਸਮਾਰੋਹ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਪ੍ਰਸਿੱਧ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ, ਪ੍ਰਸਿੱਧ ਸ਼ਾਇਰਾ ਸੁਖਵਿੰਦਰ ਅੰਮ੍ਰਿਤ, ਮੈਡਮ ਦਲਵਿੰਦਰਜੀਤ ਅਤੇ ਪ੍ਰਿੰਸੀਪਲ ਡਾਕਟਰ ਪਰਵਿੰਦਰ ਸਿੰਘ ਨੇ ਸ਼ਿਰਕਤ ਕੀਤੀ। ਪ੍ਰੋਫੈਸਰ ਅਜੀਤ ਲੰਗੇਰੀ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ ਅਤੇ ਪ੍ਰਿੰਸੀਪਲ ਹਰਭਜਨ ਸਿੰਘ ਨੂੰ ਯਾਦ ਕਰਦਿਆਂ ਉਨਾਂ ਦੀ ਸ਼ਖ਼ਸੀਅਤ ਅਤੇ ਸਮਾਜ ਨੂੰ ਪਾਏ ਯੋਗਦਾਨ ਤੇ ਵਿਚਾਰ ਰੱਖੇ। ਕਾਲਜ ਦੇ ਬੀਏ ਭਾਗ ਪਹਿਲਾ ਦੇ ਵਿਦਿਆਰਥੀ ਹਰਵੀਰ ਮਾਨ ਅਤੇ ਐਮ ਏ ਪੰਜਾਬੀ ਦੀ ਵਿਦਿਆਰਥਣ ਸਾਧਨਾ ਨੇ ਪ੍ਰਿੰਸੀਪਲ ਹਰਭਜਨ ਸਿੰਘ ਵੱਲੋਂ ਸਿੱਖਿਆ, ਖੇਡਾਂ ਅਤੇ ਹੋਰ ਖੇਤਰਾਂ ਵਿੱਚ ਪਾਏ ਯੋਗਦਾਨ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਨੇ ਪ੍ਰਬੰਧਕਾਂ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਵੇਲੇ ਪੰਜਾਬੀ ਸਮਾਜ ਨੂੰ ਦਰਪੇਸ਼ ਵੱਖ-ਵੱਖ ਚੁਣੌਤੀਆਂ ਤੇ ਚਿੰਤਾ ਵੀ ਜ਼ਾਹਿਰ ਕੀਤੀ ਅਤੇ ਅਜਿਹੇ ਮਾਹੌਲ ਵਿੱਚ ਮਿਸ਼ਨਰੀ ਸਿੱਖਿਅਕ ਸੰਸਥਾਵਾਂ, ਅਧਿਆਪਕਾਂ, ਲੇਖਕਾਂ ਅਤੇ ਵਿਦਿਆਰਥੀਆਂ ਨੂੰ ਚੰਗੇ ਸਮਾਜ ਦੀ ਸਿਰਜਣਾ ਲਈ ਹੰਭਲਾ ਮਾਰਨ ਦਾ ਸੱਦਾ ਦਿੱਤਾ। ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਅਕਾਦਮਿਕ ਅਤੇ ਖੇਡਾਂ ਦੇ ਖੇਤਰ ਵਿੱਚ ਕਾਲਜ ਵੱਲੋਂ ਪਾਏ ਯੋਗਦਾਨ ਦੀ ਚਰਚਾ ਕੀਤੀ। ਉਨ੍ਹਾਂ ਅੱਜ ਕੱਲ ਦੇ ਦੌਰ ਵਿੱਚ ਵਿਦਿਆਰਥੀਆਂ ਨੂੰ ਵਪਾਰਕ ਨਜ਼ਰੀਏ ਤੋਂ ਖੁੱਲ੍ਹੇ ਕਾਲਜਾਂ ਤੋਂ ਸੁਚੇਤ ਰਹਿਣ ਅਤੇ ਕਿਸੇ ਵਿਚਾਰਧਾਰਾ ਤੇ ਮਿਸ਼ਨ ਨੂੰ ਲੈ ਕੇ ਚੱਲੇ ਕਾਲਜਾਂ ਨਾਲ ਜੁੜਨ ਦਾ ਸੱਦਾ ਦਿੱਤਾ। ਪ੍ਰਸਿੱਧ ਖੇਡ ਪ੍ਰਮੋਟਰ ਰੋਸ਼ਨਜੀਤ ਸਿੰਘ ਪਨਾਮ ਨੇ ਫੁਟਬਾਲ ਦੇ ਖੇਤਰ ਵਿੱਚ ਖਾਲਸਾ ਕਾਲਜ ਮਾਹਿਲਪੁਰ ਵੱਲੋਂ ਪਾਈਆਂ ਲੀਹਾਂ ਦੀ ਚਰਚਾ ਕੀਤੀ ਅਤੇ ਪ੍ਰਿੰਸੀਪਲ ਹਰਭਜਨ ਸਿੰਘ ਦੀ ਸ਼ਖਸ਼ੀਅਤ ਨੂੰ ਯਾਦ ਕੀਤਾ।ਪੰਜਾਬੀ ਵਿਭਾਗ ਦੇ ਮੁਖੀ ਡਾ ਜੇ ਬੀ ਸੇਖੋਂ ਨੇ ਖਾਲਸਾ ਕਾਲਜ ਮਾਹਿਲਪੁਰ ਤੋਂ ਪੜ੍ਹ ਕੇ ਸਾਹਿਤ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਸਾਹਿਤਕਾਰਾਂ ਦੇ ਯੋਗਦਾਨ ਤੇ ਵਿਚਾਰ ਰੱਖੇ ਅਤੇ ਪੰਜਾਬੀ ਵਿਭਾਗ ਵੱਲੋਂ ਸਾਹਿਤ, ਭਾਸ਼ਾ ਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਕਰਵਾਏ ਜਾਂਦੇ ਸਮਾਰੋਹਾਂ ਦੀ ਰਿਪੋਰਟ ਸਾਂਝੀ ਕੀਤੀ। ਸਮਾਰੋਹ ਮੌਕੇ ਪ੍ਰਸਿੱਧ ਗਾਇਕ ਪ੍ਰੋਫੈਸਰ ਬਲਰਾਜ ਨੇ ਸੁਰਜੀਤ ਪਾਤਰ ਸਮੇਤ ਹੋਰ ਸ਼ਾਇਰਾਂ ਦੇ ਚੋਣਵੇਂ ਕਲਾਮ ਪੇਸ਼ ਕਰਕੇ ਮਾਹੌਲ ਨੂੰ ਬੰਨ੍ਹ ਦਿੱਤਾ। ਪ੍ਰਸਿੱਧ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਨੇ ਖਾਲਸਾ ਕਾਲਜ ਮਾਹਿਲਪੁਰ ਵਲੋਂ ਵਿਸ਼ਵ ਸਮਾਜ ਨੂੰ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਆਪਣੀਆਂ ਚੋਣਵੀਆਂ ਗਜ਼ਲਾਂ ਪੇਸ਼ ਕਰਕੇ ਹਾਜ਼ਰ ਸਰੋਤਿਆਂ ਦੀ ਖੂਬ ਪ੍ਰਸ਼ੰਸਾ ਹਾਸਿਲ ਕੀਤੀ। ਸਮਾਰੋਹ ਦੌਰਾਨ ਪ੍ਰੋਫੈਸਰ ਸਿਮਰ ਮਾਣਕ ਵਲੋਂ ਲਗਾਏ ਚਿੱਤਰਾਂ ਦੀ ਪ੍ਰਦਰਸ਼ਨੀ ਨੂੰ ਹਾਜ਼ਰ ਦਰਸ਼ਕਾਂ ਨੇ ਖੂਬ ਸਲਾਹਿਆ।ਮੰਚ ਦੀ ਕਾਰਵਾਈ ਸਾਹਿਤਕਾਰ ਬਲਜਿੰਦਰ ਮਾਨ ਨੇ ਚਲਾਈ। ਇਸ ਮੌਕੇ ਗੀਤਕਾਰ ਗੁਰਮਿੰਦਰ ਕੈਂਡੋਵਾਲ,ਸੁਖਦੇਵ ਨਡਾਲੋਂ, ਕਿਸਾਨ ਆਗੂ ਤਲਵਿੰਦਰ ਹੀਰ,ਸੁਰਿੰਦਰ ਪਾਲ ਝੱਲ, ਰੁਪਿੰਦਰਜੋਤ ਬੱਬੂ, ਚੈਂਚਲ ਸਿੰਘ ਬੈਂਸ, ਬੰਤ ਸਿੰਘ ਬੈਂਸ,ਸਰਪੰਚ ਬਲਵਿੰਦਰ ਸਿੰਘ, ਪ੍ਰੋਫੈਸਰ ਤਜਿੰਦਰ ਸਿੰਘ, ਰਘਵੀਰ ਕਲੋਆ, ਪਰਮਜੀਤ ਕਾਤਿਬ, ਵਿਜੇ ਬੰਬੇਲੀ, ਪ੍ਰਿੰਸੀਪਲ ਸੁਰਜੀਤ ਸਿੰਘ, , ਬਾਬੂ ਅਮਰਜੀਤ ਪੰਡੋਰੀ ਗੰਗਾ ਸਿੰਘ ਸਮੇਤ ਸਿੱਖਿਆ ਅਤੇ ਸਾਹਿਤ ਖੇਤਰ ਦੀਆਂ ਅਨੇਕਾਂ ਸ਼ਖਸੀਅਤਾਂ ਹਾਜ਼ਰ ਸਨ।
ਕੈਪਸ਼ਨ- ਪ੍ਰਿੰਸੀਪਲ ਹਰਭਜਨ ਸਿੰਘ ਵਿਚਾਰ ਮੰਚ ਵੱਲੋਂ ਕਰਵਾਏ ਸਮਾਰੋਹ ਮੌਕੇ ਗਾਇਕੀ ਪੇਸ਼ ਕਰਦੇ ਹੋਏ ਪ੍ਰੋਫੈਸਰ ਬਲਰਾਜ ਅਤੇ ਸਮਾਰੋਹ ਮੌਕੇ ਹਾਜ਼ਰ ਪਤਵੰਤੇ।
Comments
Post a Comment