ਰਿਆਤ ਬਾਹਰਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਪਿੰਡ ਵਾਸੀਆਂ ਨੂੰ ਪਾਣੀ ਅਤੇ ਹਵਾ ਪ੍ਰਦੂਸ਼ਣ ਬਾਰੇ ਜਾਗਰੂਕ ਕੀਤਾ


ਹੁਸ਼ਿਆਰਪੁਰ/ਦਲਜੀਤ ਅਜਨੋਹਾ
ਰਿਆਤ ਬਾਹਰਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਪਿੰਡ ਮਾਹਣਾ ਵਿੱਚ ਪਾਣੀ ਅਤੇ ਹਵਾ ਪ੍ਰਦੂਸ਼ਣ ਬਾਰੇ ਇੱਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਮੌਕੇ ਬੀ.ਐਸ.ਸੀ. ਨਰਸਿੰਗ ਦੇ 5ਵੇਂ ਸਮੈਸਟਰ ਦੇ ਵਿਦਿਆਰਥੀਆਂ ਨੇ ਰੋਲ ਪਲੇਅ ਅਤੇ ਸਿਹਤ ਭਾਸ਼ਣ ਰਾਹੀਂ ਪਿੰਡ ਵਾਸੀਆਂ ਨੂੰ ਪਾਣੀ ਅਤੇ ਹਵਾ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਵਿਦਿਆਰਥੀਆਂ ਨੇ ਪਿੰਡ ਵਾਸੀਆਂ ਨੂੰ ਸਫਾਈ, ਰਹਿੰਦ-ਖੂੰਹਦ ਪ੍ਰਬੰਧਨ, ਰੀਸਾਈਕਲਿੰਗ ਅਤੇ ਪ੍ਰਦੂਸ਼ਣ ਕੰਟਰੋਲ ਦੇ ਉਪਾਅ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਲੋਕਾਂ ਨੂੰ ਸਾਫ਼-ਸੁਥਰਾ ਵਾਤਾਵਰਣ ਬਣਾਈ ਰੱਖਣ ਅਤੇ ਕੂੜੇ ਦੇ ਨਿਪਟਾਰੇ ਦੇ ਸਹੀ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ।
ਕਾਲਜ ਪ੍ਰਿੰਸੀਪਲ ਡਾ. ਮੀਨਾਕਸ਼ੀ ਚੰਦ ਨੇ ਕਿਹਾ ਕਿ ਪਿੰਡ ਮਾਹਣਾ ਨੂੰ ਰਿਆਤ ਬਾਹਰਾ ਕਾਲਜ ਆਫ਼ ਨਰਸਿੰਗ ਨੇ ਗੋਦ ਲਿਆ ਹੈ, ਜਿਸ ਤਹਿਤ ਇਹ ਪ੍ਰੋਜੈਕਟ ਸਿਹਤ ਜਾਗਰੂਕਤਾ ਵਧਾਉਣ ਅਤੇ ਸੰਪੂਰਨ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਪਾਣੀ ਅਤੇ ਹਵਾ ਪ੍ਰਦੂਸ਼ਣ ਦੇ ਪੱਧਰ ਨੂੰ ਮਾਪਣਾ, ਇਸਦੇ ਸਰੋਤਾਂ ਦੀ ਪਛਾਣ ਕਰਨਾ ਅਤੇ ਭਾਈਚਾਰੇ ਨੂੰ ਇਸਦੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਹੈ।
ਪਿੰਡ ਦੇ ਸਰਪੰਚ ਨੇ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਕੰਮ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਪ੍ਰੋ. ਰਜਿੰਦਰ ਕੌਰ ਅਤੇ ਪ੍ਰੋ. ਹਰਿੰਦਰ ਕੌਰ ਵੀ ਮੌਜੂਦ ਸਨ।

Comments