ਉੱਘੇ ਫੁੱਟਬਾਲ ਪ੍ਰਮੋਟਰ ਬਲਬੀਰ ਸਿੰਘ ਪੱਲੀ ਝਿੱਕੀ ਮਾਹਿਲਪੁਰ ਵਿੱਚ ਸਨਮਾਨਿਤ


ਹੁਸ਼ਿਆਰਪੁਰ/ਦਲਜੀਤ ਅਜਨੋਹਾ
ਦੇਸ਼ ਵਿਦੇਸ਼ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਉੱਘੇ ਫੁੱਟਬਾਲ ਖਿਡਾਰੀ, ਕੋਚ, ਫੁੱਟਬਾਲ ਪ੍ਰਮੋਟਰ ਅਤੇ ਸਮਾਜ ਸੇਵਕ ਬਲਬੀਰ ਸਿੰਘ ਪੱਲੀ ਝਿੱਕੀ ਜ਼ਿਲ੍ਹਾ ਨਵਾਂਸ਼ਹਿਰ ਦਾ ਮਾਹਿਲਪੁਰ ਦੇ ਕੋਚ ਅਲੀ ਹਸਨ ਸਟੇਡੀਅਮ ਵਿੱਚ ਖੇਡੇ ਜਾ ਰਹੇ ਆਈ ਲੀਗ ਮੁਕਾਬਲਿਆਂ ਦੇ ਮੌਕੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਉਹ ਇਹਨਾਂ ਮੁਕਾਬਲਿਆਂ ਵਿੱਚ ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਪਧਾਰੇ। ਇਸ ਮੌਕੇ ਉਹਨਾਂ ਨੂੰ ਸਨਮਾਨਿਤ ਕਰਦਿਆਂ ਮਿਨਰਵਾ ਕਲੱਬ ਦੇ ਮਾਲਕ ਰਣਜੀਤ ਬਜਾਜ ,ਸ੍ਰੀਮਤੀ ਹੀਨਾ ਬਜਾਜ ਅਤੇ ਕੁਲਵੰਤ ਸਿੰਘ ਸੰਘਾ ਨੇ ਕਿਹਾ ਕਿ ਬਲਬੀਰ ਸਿੰਘ ਦੀ ਦੇਣ ਨੂੰ ਅਸੀਂ ਸਲਾਮ ਕਰਦੇ ਹਾਂ। ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ, ਐਸ ਪੀ ਸ਼ਵਿੰਦਰਜੀਤ ਸਿੰਘ ਬੈਂਸ, ਪ੍ਰਿੰ. ਡਾਕਟਰ ਪਰਵਿੰਦਰ ਸਿੰਘ ਅਤੇ ਰੋਸ਼ਨਜੀਤ ਸਿੰਘ ਪਨਾਮ ਨੇ ਉਨ੍ਹਾਂ ਦੇ ਜੀਵਨ ਦੀਆਂ ਪ੍ਰਾਪਤੀਆਂ ਤੇ ਰੌਸ਼ਨੀ ਪਾਉਂਦਿਆਂ ਆਖਿਆ ਕਿ ਸਾਨੂੰ ਸਭ ਨੂੰ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਸਮਾਜ ਦੇ ਬੌਣੇ ਅੰਗਾਂ ਨੂੰ ਵਿਕਸਿਤ ਕਰਨ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਬਲਬੀਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਜਿਹੜੇ ਲੋਕ ਕੰਮ ਨੂੰ ਪੂਜਾ ਮੰਨ ਕੇ ਕਰਦੇ ਹਨ ਉਹ ਜ਼ਿੰਦਗੀ ਵਿੱਚ ਸਫਲਤਾ ਦੀਆਂ ਉੱਚੀਆਂ ਮੰਜ਼ਲਾਂ ਤੇ ਪੁੱਜਦੇ ਹਨ। ਇਸ ਲਈ ਬਾਬੇ ਨਾਨਕ ਦੇ ਉਪਦੇਸ਼ ਅਨੁਸਾਰ ਸਾਨੂੰ ਸਭ ਨੂੰ ਕਿਰਤੀ ਬਣ ਕੇ ਆਪੋ ਆਪਣੀ ਜਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ।
      ਇਸ ਮੌਕੇ ਦਰਸ਼ਕਾਂ ਨਾਲ ਖਚਾ ਖਚ ਭਰੇ ਸਟੇਡੀਅਮ ਦੀ ਰੌਣਕ ਨੇ ਉਨ੍ਹਾਂ ਦੇ ਕਾਰਜਾਂ ਨੂੰ ਤਾੜੀਆਂ ਨਾਲ ਸਲਾਮ ਆਖੀ। ਬਲਜਿੰਦਰ ਮਾਨ ਨੇ ਮੰਚ ਸੰਚਾਲਨ ਕਰਦਿਆਂ ਆਖਿਆ ਕਿ ਸਾਨੂੰ ਸਭ ਨੂੰ ਸਮਾਜਿਕ ਕਾਰਜਾਂ ਵਿੱਚ ਆਪੋ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਪ੍ਰਿੰ. ਜਗਮੋਹਣ ਸਿੰਘ, ਤਰਲੋਚਨ ਸਿੰਘ ਸੰਧੂ,ਦਲਜੀਤ ਸਿੰਘ ਬੈਂਸ, ਸੇਵਕ ਸਿੰਘ ਬੈਂਸ, ਪਰਮਜੀਤ ਸਿੰਘ ਬੈਂਸ, ਤਨਵੀਰ ਮਾਨ, ਪ੍ਰਿੰਸੀਪਲ ਗੁਰਾਂ ਦਾਸ, ਸਰਪੰਚ ਪ੍ਰਿਤਪਾਲ ਕੌਰ, ਸਤ ਪ੍ਰਕਾਸ਼ ਸਿੰਘ ਸੰਘਾ ਕਨੇਡੀਅਨ, ਜਮਸ਼ੇਰ ਸਿੰਘ ਤੰਬੜ ਆਦਿ ਵੀ ਹਾਜ਼ਰ ਸਨ।

Comments