ਹੁਸ਼ਿਆਰਪੁਰ/ ਦਲਜੀਤ ਅਜਨੋਹਾ
ਨਗਰ ਨਿਗਮ ਦੇ ਮੇਅਰ ਸੁਰਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਲੋਕਾਂ ਵਲੋਂ ਨਗਰ ਨਿਗਮ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਗਿਆ ਹੈ ਕਿ ਪ੍ਰੈਜ਼ੀਡੈਂਸੀ ਹੋਟਲ ਤੋਂ ਰੌਸ਼ਨ ਗਰਾਊਂਡ ਤੱਕ ਦੀ ਸੜਕ, ਜਿਸ ਨੂੰ ਚੌੜਾ ਤੇ ਸੁੰਦਰ ਬਣਾਇਆ ਜਾ ਰਿਹਾ ਹੈ ਉਥੇ ਕੁਝ ਲੋਕਾਂ ਵਲੋਂ ਬਿਨ੍ਹਾਂ ਮਨਜੂਰੀ ਰੇਹੜੀਆਂ ਅਤੇ ਠੇਲੇ ਲਗਾ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕੁਝ ਵਿਅਕਤੀਆਂ ਵੱਲੋਂ ਇਸ ਸੜਕ ’ਤੇ ਸਥਾਈ ਖੋਖੇ ਵੀ ਰੱਖ ਗਏ ਹਨ ਜਿਸ ਕਾਰਨ ਅਣਚਾਹੇ ਟ੍ਰੈਫਿਕ ਜਾਮ ਲੱਗ ਰਹੇ ਹਨ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੇਅਰ ਨੇ ਸਪੱਸ਼ਟ ਕੀਤਾ ਕਿ ਨਗਰ ਨਿਗਮ ਦੀ ਪ੍ਰੈਜ਼ੀਡੈਂਸੀ ਹੋਟਲ ਤੋਂ ਰੌਸ਼ਨ ਗਰਾਊਂਡ ਅਤੇ ਰੌਸ਼ਨ ਗਰਾਊਂਡ ਦੇ ਆਲੇ-ਦੁਆਲੇ ਕਿਸੇ ਵੀ ਤਰ੍ਹਾਂ ਦੀ ਫੂਡ ਸਟਰੀਟ ਬਣਾਉਣ ਦੀ ਕੋਈ ਯੋਜਨਾ ਨਹੀਂ ਹੈ। ਇਸ ਲਈ ਨਗਰ ਨਿਗਮ ਵੱਲੋਂ ਸਮੂਹ ਸਬੰਧਤ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੀਆ ਰੇਹੜੀਆਂ ਅਤੇ ਠੇਲਿਆਂ ਨੂੰ ਖੁਦ ਹੀ ਹਟਾ ਲੈਣ ਤਾਂ ਜੋ ਆਮ ਲੋਕਾਂ ਨੂੰ ਆਵਾਜਾਈ ਦੀ ਨਿਰਵਿਘਨ ਸਹੂਲਤ ਮਿਲ ਸਕੇ।
ਨਗਰ ਨਿਗਮ ਹੁਸ਼ਿਆਰਪੁਰ ਨੇ ਇਸ ਸੜਕ ’ਤੇ ਨਾਜਾਇਜ਼ ਕਬਜ਼ੇ ਹਟਾਉਣ ਲਈ ਵਿਸ਼ੇਸ਼ ਟੀਮ ਬਣਾਈ ਹੈ। ਜੇਕਰ ਨਜਾਇਜ਼ ਕਬਜ਼ਾ ਕਰਨ ਵਾਲੇ ਆਪਣਾ ਸਮਾਨ ਖੁਦ ਨਹੀਂ ਹਟਾਉਂਦੇ ਤਾਂ ਨਗਰ ਨਿਗਮ ਵਲੋਂ ਉਨ੍ਹਾਂ ਨੂੰ ਹਟਾ ਦਿੱਤਾ ਜਾਵੇਗਾ ਅਤੇ ਇਸ ਦੌਰਾਨ ਹੋਣ ਵਾਲੇ ਕਿਸੇ ਵੀ ਮਾਲੀ ਨੁਕਸਾਨ ਲਈ ਸਬੰਧਤ ਵਿਅਕਤੀ ਜ਼ਿੰਮੇਵਾਰ ਹੋਵੇਗਾ।
Comments
Post a Comment