ਟੀਬੀ ਮੁਕਤ ਭਾਰਤ ਪ੍ਰੋਗਰਾਮ ਤਹਿਤ ਚੱਲ ਰਹੇ 100 ਦਿਨਾਂ ਅਭਿਆਨ ਦੌਰਾਨ ਸਿਵਲ ਸਰਜਨ ਦਫਤਰ ਦੇ ਸਮੂਹ ਸਟਾਫ ਵੱਲੋਂ ਚੱਕੀ ਗਈ ਸਹੁੰ

ਹੁਸ਼ਿਆਰਪੁਰ / ਦਲਜੀਤ ਅਜਨੋਹਾ
ਸਿਹਤ ਵਿਭਾਗ ਪੰਜਾਬ ਵੱਲੋਂ “ਕੌਮੀ ਟੀ.ਬੀ. ਕੰਟਰੋਲ ਪ੍ਰੋਗਰਾਮ” ਦੇ ਤਹਿਤ ਟੀ.ਬੀ ਵਰਗੀ ਗੰਭੀਰ ਬਿਮਾਰੀ ਨੂੰ ਜੜ੍ਹੋਂ ਖਤਮ ਕਰਨ ਲਈ ਚੱਲ ਰਹੇ 100 ਦਿਨਾਂ ਟੀ.ਬੀ. ਮੁਕਤ ਅਭਿਆਨ ਦੌਰਾਨ ਅੱਜ ਸਿਵਲ ਸਰਜਨ ਦਫ਼ਤਰ ਵਿਖੇ ਸਹਾਇਕ ਸਿਵਲ ਸਰਜਨ ਡਾ. ਕਮਲੇਸ਼ ਕੁਮਾਰੀ ਦੀ ਪ੍ਰਧਾਨਗੀ ਅਤੇ ਜਿਲਾ ਟੀਬੀ ਕੰਟਰੋਲ ਅਫਸਰ ਡਾ ਸ਼ਕਤੀ ਸ਼ਰਮਾ ਦੀ ਅਗਵਾਈ ਵਿੱਚ ਸਮੂਹ ਸਟਾਫ ਵੱਲੋਂ ਟੀ.ਬੀ. ਦੇ ਖਾਤਮੇ ਲਈ ਸਭ ਦੇ ਸਹਿਯੋਗ ਅਤੇ ਭਾਗੀਦਾਰੀ ਲਈ ਸਹੁੰ ਚੁੱਕੀ ਗਈ। ਇਸ ਦੌਰਾਨ ਜ਼ਿਲਾ ਸਿਹਤ ਅਫਸਰ ਡਾ ਜਤਿੰਦਰ ਭਾਟੀਆ, ਜਿਲਾ ਐਪੀਡਮੋਲਜਿਸਟ (ਆਈਡੀਐਸਪੀ) ਡਾ ਸੈਲੇਸ਼ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਸੁਪਰਡੈੰਟ ਸ਼੍ਰੀ ਮਨੋਹਰ ਸਿੰਘ ਅਤੇ ਦਫ਼ਤਰ ਦਾ ਸਮੂਹ ਸਟਾਫ ਹਾਜ਼ਰ ਸਨ।
ਇਸ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ ਡਾ ਸ਼ਕਤੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ ਹਾਈ ਰਿਸਕ ਟੀ.ਬੀ ਦੇ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੀਬੀ ਹੁਣ ਲਾਇਲਾਜ ਨਹੀਂ ਹੈ। ਇਸ ਮੁਹਿੰਮ ਨਾਲ ਅਸੀਂ ਟੀ.ਬੀ ਦੇ ਖਾਤਮੇ ਲਈ ਵੱਡਾ ਕਦਮ ਚੁੱਕਾਂਗੇ। ਉਨ੍ਹਾਂ ਸਿਹਤ ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਇਸ ਮੁਹਿੰਮ ਵਿਚ ਸਰਗਰਮ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਕਜੁੱਟਤਾ ਅਤੇ ਲਗਨ ਨਾਲ ਹਰ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ।
ਉਹਨਾਂ ਦੱਸਿਆ ਕਿ ਇਸ ਮੁਹਿੰਮ ਵਿੱਚ ਜ਼ਮੀਨੀ ਪੱਧਰ ਤੇ ਟੀਮਾਂ ਬਣਾ ਕੇ ਉਨ੍ਹਾਂ ਸਮੂਹਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਜੋ ਟੀਬੀ ਪ੍ਰਤੀ ਵਧੇਰੇ ਸੰਵੇਦਨਸ਼ੀਲ ਹਨ। ਇਸ ਮੁਹਿੰਮ ਦੇ ਤਹਿਤ, ਸ਼ੂਗਰ ਅਤੇ ਕੁਪੋਸ਼ਣ ਤੋਂ ਪੀੜਤ ਲੋਕ, ਸਿਗਰਟਨੋਸ਼ੀ ਅਤੇ ਸ਼ਰਾਬ ਪੀਣ ਵਾਲੇ, ਐੱਚਆਈਵੀ ਸੰਕਰਮਿਤ ਅਤੇ ਸਾਬਕਾ ਟੀਬੀ ਦੇ ਮਰੀਜ਼ ਅਤੇ ਭੱਠੇ, ਉਸਾਰੀ ਸਾਈਟਾਂ ਅਤੇ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਵਰਗ ਦੇ ਲੋਕਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਤਪਦਿਕ ਨਾਲ ਜੁੜੇ ਹਰ ਸਿਹਤ ਕਰਮਚਾਰੀ, ਨਿਕਸ਼ੈ ਮਿੱਤਰਾ ਅਤੇ ਆਮ ਲੋਕਾਂ ਦੇ ਯਤਨ ਟੀਬੀ ਦੇ ਖਾਤਮੇ ਵਿੱਚ ਮੀਲ ਪੱਥਰ ਸਾਬਤ ਹੋਣਗੇ।

Comments