ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਭਲਕੇ ਮਨਾਇਆ ਜਾਵੇਗਾ: ਸਿਵਲ ਸਰਜਨ ਡਾ ਪਵਨ ਕੁਮਾਰ ਐਲਬੈਂਡਾਜ਼ੋਲ ਗੋਲੀ ਬੱਚਿਆਂ ਲਈ ਪੂਰੀ ਤਰਾਂ ਸੁਰੱਖਿਅਤ ਹੈ: ਡਾ ਸੀਮਾ ਗਰਗ

ਹੁਸ਼ਿਆਰਪੁਰ / ਦਲਜੀਤ ਅਜਨੋਹਾ
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ 28 ਨਵੰਬਰ ਨੂੰ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ (ਨੈਸ਼ਨਲ ਡੀਵਾਰਮਿੰਗ ਡੇਅ) ਮਨਾਇਆ ਜਾ ਰਿਹਾ ਹੈ। ਇਸੇ ਸਬੰਧ ਵਿੱਚ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਸਿਵਲ ਸ਼ਰਜਨ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਟੀਕਾਕਰਣ ਅਫ਼ਸਰ ਡਾ ਸੀਮਾ ਗਰਗ ਦੀ ਅਗਵਾਈ ਵਿੱਚ ਨੈਸ਼ਨਲ ਡੀ ਵਾਰਮਿੰਗ ਡੇ ਮਨਾਇਆ ਜਾ ਰਿਹਾ ਹੈ।
ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਡਾ ਪਵਨ ਕੁਮਾਰ ਸ਼ਗੋਤਰਾ ਨੇ ਦੱਸਿਆ ਕਿ 28 ਨਵੰਬਰ ਨੂੰ ਜ਼ਿਲਾ ਹੁਸ਼ਿਆਰਪੁਰ ਵਿੱਚ 1 ਤੋਂ 19 ਸਾਲ ਤੱਕ ਦੇ ਤਕਰੀਬਨ 346062 ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤ ਕਰਨ ਲਈ ਐਲਬੈਂਡਾਜੋਲ ਦੀ ਗੋਲੀ ਖਵਾਈ ਜਾਣੀ ਹੈ। ਜਿਹੜੇ ਬੱਚੇ ਕਿਸੇ ਕਾਰਨ ਗੋਲੀ ਖਾਣ ਤੋਂ ਵਾਂਝੇ ਰਹਿ ਗਏ, ਉਹਨਾਂ ਨੂੰ 5 ਦਸੰਬਰ 2024 ਨੂੰ ਮੌਪ ਅਪ ਡੇਅ ਵਾਲੇ ਦਿਨ ਇਹ ਗੋਲੀ ਖਵਾਈ ਜਾਵੇਗੀ। ਜ਼ਿਲੇ ਦੇ 1 ਤੋਂ 19 ਸਾਲ ਤੱਕ ਦੇ ਸਾਰੇ ਬੱਚੇ  ਜੋ ਸਰਕਾਰੀ, ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਕਾਲਜਾਂ ਆਂਗਣਵਾੜੀ ਸੈਂਟਰਾਂ ਵਿੱਚ ਦਰਜ ਹਨ ਅਤੇ ਸਕੂਲ ਨਾ ਜਾਣ ਵਾਲੇ ਬੱਚਿਆਂ ਨੂੰ ਵੀ ਇਹ ਗੋਲੀ ਖਵਾਈ ਜਾਵੇਗੀ।

ਜ਼ਿਲਾ ਟੀਕਾਕਰਨ ਅਫ਼ਸਰ ਡਾ.ਸੀਮਾ ਗਰਗ ਨੇ ਦੱਸਿਆ ਕਿ ਆਂਗਣਵਾੜੀ ਸੈਂਟਰਾਂ ਦੇ ਵਿੱਚ ਰਜਿਸਟਰ ਬੱਚੇ ਜੋ ਇਕ ਤੋਂ ਦੋ ਸਾਲ ਤੱਕ ਦੇ ਹਨ, ਨੂੰ ਅਲਬੈਂਡਾਜੋਲ ਦਾ ਸਿਰਪ ਪਿਲਾਇਆ ਜਾਣਾ ਹੈ। ਸਮੂਹ ਸਕੂਲਾਂ ਦੇ ਮੁਖੀਆਂ ਤੇ ਆਂਗਣਵਾੜੀ ਵਰਕਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਬੱਚਿਆਂ ਨੂੰ ਇਹ ਗੋਲ਼ੀ ਖਾਲੀ ਪੇਟ ਨਾ ਖਵਾਈ ਜਾਵੇ। ਸਿਹਤ ਵਿਭਾਗ ਦਾ ਐਮਰਜੈਂਸੀ 108 ਨੰਬਰ ਅਤੇ ਸਕੂਲ ਵਿੱਚ ਵਿਜਿਟ ਕਰਨ ਵਾਲੇ ਮੈਡੀਕਲ ਅਫਸਰਾਂ ਜਾਂ ਨੇੜਲੀ ਡਿਸਪੈਂਸਰੀ ਦੇ ਮੈਡੀਕਲ ਅਫਸਰਾਂ ਦਾ ਨੰਬਰ ਜਰੂਰ ਬਲੈਕ ਬੋਰਡ ਤੇ ਲਿਖਿਆ ਜਾਵੇ।
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ ਗਰਗ ਨੇ ਦੱਸਿਆ ਕਿ ਪੇਟ ਦੇ ਕੀੜਿਆਂ ਕਾਰਨ ਬੱਚਿਆਂ ਵਿੱਚ ਕੁਪੋਸ਼ਨ ਅਤੇ ਖੂਨ ਦੀ ਕਮੀ ਹੋ ਜਾਂਦੀ ਹੈ ਜਿਸ ਕਾਰਨ ਉਹਨਾਂ ਨੂੰ ਹਮੇਸ਼ਾ ਥਕਾਟਵ ਰਹਿੰਦੀ ਹੈ ਅਤੇ ਬੱਚੇ ਦਾ ਸੰਪੂਰਨ ਸਰੀਰਕ ਅਤੇ ਮਾਨਸਿਕ ਵਿਕਾਸ ਨਹੀਂ ਹੁੰਦਾ। ਬੱਚਿਆਂ ਨੂੰ ਖਿਲਾਈ ਜਾਣ ਵਾਲੀ ਐਲਬੈਂਡਾਜੋਲ ਦੀ ਗੋਲੀ ਨਾਲ ਦੋ ਤਰ੍ਹਾਂ ਦਾ ਲਾਭ ਹੁੰਦਾ ਹੈ ਪਹਿਲਾ ਸਿੱਧਾ ਜਿਨਾਂ ’ਚ ਅਨੀਮਿਆ ਤੋਂ ਬਚਾਅ, ਪੌਸ਼ਟਿਕ ਭੋਜਨ ਦੀ ਜ਼ਿਆਦਾ ਪਾਚਣ ਸ਼ਕਤੀ, ਸਰੀਰ ਦਾ ਖੁਰਾਕ ਲੈਣ ਤੇ ਪਾਚਣ ਸ਼ਕਤੀ ’ਚ ਸੁਧਾਰ ਆਉਂਦਾ ਹੈ ਅਤੇ ਦੂਜਾ ਅਸਿੱਧਾ ਲਾਭ ਜਿਵੇਂ ਸਰੀਰਕ ਸ਼ਕਤੀ ਵਿੱਚ ਵਾਧਾ, ਸਿੱਖਣ ਅਤੇ ਧਿਆਨ ਦੇਣ ਦੀ ਸਮਰੱਥਾ ਵਿੱਚ ਸੁਧਾਰ ਅਤੇ ਸਮਾਜ ਵਿੱਚ ਪੇਟ ਦੇ ਕੀੜਿਆਂ ਦੇ ਫੈਲਣ ਦੇ ਘੇਰੇ ਦਾ ਘੱਟ ਹੋਣਾ ਆਦਿ ਵਰਗੇ ਲਾਭ ਹੁੰਦੇ ਹਨ। ਉਨਾਂ ਕਿਹਾ ਕਿ ਇਸ ਗੋਲੀ ਦਾ ਕੋਈ ਮਾੜਾ ਪ੍ਰਭਾਵ ਨਹੀ ਹੈ ਅਤੇ ਇਹ ਪੂਰੀ ਤਰ੍ਹਾਂ ਨਾਲ ਬੱਚਿਆਂ ਅਤੇ ਵੱਡਿਆਂ ਲਈ ਸੁਰੱਖਿਅਤ ਹੈ।

Comments