ਨਵਾਂਸ਼ਹਿਰ/ਦਲਜੀਤ ਅਜਨੋਹਾ
ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਰਾਜੇਸ਼ ਧੀਮਾਨ ਨੇ ਭਾਰਤੀ ਨਾਗਰਿਕ ਸੁਰੱਕਸ਼ਾ ਸੰਹਿਤਾ, 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤਾ ਹੈ ਕਿ ਪ੍ਰੀਗਾਬਾਲਿਨ ਦਵਾਈ ਨੂੰ ਕੇਵਲ ਸਮਰੱਥ ਡਾਕਟਰ ਦੀ ਪ੍ਰਵਾਨਗੀ ਦੇ ਆਧਾਰ ‘ਤੇ ਹੀ ਅਤੇ ਮਿੱਥੇ ਹੋਏ ਸਮੇਂ ਲਈ ਹੀ ਫਾਰਮੇਸੀ ਵੱਲੋਂ ਦਿੱਤਾ ਜਾਵੇ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਫਾਰਮੇਸੀ ਵੱਲੋਂ ਇਸ ਦਵਾਈ ਦਾ ਮੁਕੰਮਲ ਰਿਕਾਰਡ ਰੱਖਿਆ ਜਾਵੇ।
ਉਨ੍ਹਾਂ ਕਿਹਾ ਕਿ ਸਿਵਲ ਸਰਜਨ ਨੇ ਆਪਣੇ ਦਫ਼ਤਰ ਦੇ ਪੱਤਰ ਨੰਬਰ ਡਰੱਗਜ਼/2023/452 ਮਿਤੀ 24.8.2023 ਰਾਹੀਂ ਦੱਸਿਆ ਹੈ ਕਿ ਪ੍ਰੀਗਾਬਾਲਿਨ ਦੀ ਵਰਤੋਂ ਫਾਈਬਰੋ ਮਾਇਲਜੀਆ/ਨਿਉਰਲਜੀਆ ਆਦਿ ਬਿਮਾਰੀਆਂ ਨਾਲ ਸਬੰਧਤ ਮਰੀਜ਼ਾਂ ਦੇ ਇਲਾਜ ਲਈ ਆਮ ਤੌਰ ‘ਤੇ ਮੈਡੀਕਲ ਸਪੈਸ਼ਲਿਸਟ/ ਸਾਈਕੈਟਰਿਸਟ/ ਜੀ.ਡੀ.ਐਮ.ਓ ਵਲੋਂ ਕੀਤੀ ਜਾਂਦੀ ਹੈ, ਪਰ ਜ਼ਿਆਦਾ ਮਾਤਰਾ ਵਿੱਚ ਪ੍ਰੀਗਾਬਾਲਿਨ ਦੀ ਦੁਰਵਰਤੋਂ ਨਸ਼ੇ ਦੇ ਤੌਰ ‘ਤੇ ਕੀਤੀ ਜਾ ਸਕਦੀ ਹੈ। ਇਸ ਲਈ ਪ੍ਰੀਗਾਬਾਲਿਨ ਦਵਾਈ ਨੂੰ ਕੇਵਲ ਸਮਰੱਥ ਡਾਕਟਰ ਦੀ ਪ੍ਰਵਾਨਗੀ ਦੇ ਆਧਾਰ ‘ਤੇ ਹੀ ਅਤੇ ਮਿੱਥੇ ਹੋਏ ਸਮੇਂ ਲਈ ਹੀ ਫਾਰਮੇਸੀ ਵੱਲੋਂ ਦਿੱਤੀ ਜਾਣੀ ਚਾਹੀਦੀ ਹੈ। ਇਹ ਹੁਕਮ 25 ਦਸੰਬਰ 2024 ਤੱਕ ਲਾਗੂ ਰਹੇਗਾ।
Comments
Post a Comment