ਪਟਾਖਿਆਂ ਰਹਿਤ ਅਤੇ ਪ੍ਰਦੂਸ਼ਣ ਰਹਿਤ ਗ੍ਰੀਨ ਦੀਵਾਲੀ ਮਨਾਓ ਅੱਖਾਂ ਨਿਆਮਤ ਹਨ, ਥੋੜੀ ਜਿਹੀ ਲਾਪਰਵਾਹੀ ਕਾਰਨ ਰੋਸ਼ਨੀ ਕਿਉਂ ਗਵਾਈਏ: ਸਿਵਲ ਸਰਜਨ ਡਾ ਪਵਨ ਕੁਮਾਰ ਸ਼ਗੋਤਰਾ


ਹੁਸ਼ਿਆਰਪੁਰ / ਦਲਜੀਤ ਅਜਨੋਹਾ
ਪਟਾਖਿਆਂ ਰਹਿਤ ਦੀਵਾਲੀ ਮਨਾਉਣ ਲਈ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਵੱਲੋਂ ਇੱਕ ਪੋਸਟਰ ਜਾਰੀ ਕੀਤਾ ਗਿਆ ਇਸ ਮੌਕੇ ਉਹਨਾਂ ਦੇ ਨਾਲ ਜਿਲਾ ਟੀਕਾਕਰਨ ਅਫਸਰ ਡਾ ਸੀਮਾ ਗਰਗ, ਜਿਲਾ ਸਿਹਤ ਅਫਸਰ ਡਾ ਜਤਿੰਦਰ ਭਾਟੀਆ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਅਨੀਤਾ ਕਟਾਰੀਆ, ਜਿਲਾ ਐਪੀਡਮੋਲਜਿਸਟ ਡਾ ਜਗਦੀਪ ਸਿੰਘ ਅਤੇ ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ ਉਪਸਥਿਤ ਹੋਏ।
ਲੋਕਾਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੰਦੇ ਹੋਏ ਅਤੇ ਜਾਗਰੂਕ ਕਰਦੇ ਹੋਏ ਡਾ ਪਵਨ ਕੁਮਾਰ ਸ਼ਗੋਤਰਾ ਨੇ ਪ੍ਰਦੂਸ਼ਣ ਰਹਿਤ ਅਤੇ ਪਟਾਕਿਆਂ ਤੋਂ ਰਹਿਤ ਗ੍ਰੀਨ ਦੀਵਾਲੀ ਮਨਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਰੌਸ਼ਨੀਆਂ ਦੇ ਤਿਉਹਾਰ ਵਜੋਂ ਜਾਣੀ ਜਾਂਦੀ ਦਿਵਾਲੀ ਖੁਸ਼ੀ ਅਤੇ ਸੁੰਦਰ ਰੌਸ਼ਨੀਆਂ ਨਾਲ ਮਨਾਈ ਜਾਂਦੀ ਹੈ ਇਸ ਨੂੰ ਪਟਾਖਿਆਂ ਰਹਿਤ ਸੁਰੱਖਿਤ ਰੂਪ ਚ ਮਨਾਉਣਾ ਬਹੁਤ ਜਰੂਰੀ ਹੈ। ਕਿਉਂਕਿ ਪਟਾਕਿਆਂ ਤੋਂ ਨਿਕਲਿਆ ਧੂੰਆਂ ਕਈ ਬਿਮਾਰੀਆਂ ਜਿਵੇਂ ਸਾਹ ਅੱਖਾਂ ਦੀ ਜਲਣ, ਦਮਾ ਅਤੇ ਚਮੜੀ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਉੱਚੀ ਆਵਾਜ਼ ਵਾਲੇ ਪਟਾਖੇ ਅਸਥਾਈ ਜਾਂ ਸਥਾਈ ਤੌਰ ਤੇ ਸੁਣਨ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਸਾਹ ਦੀ ਤਕਲੀਫ਼ ਵਾਲੇ ਮਰੀਜ਼ਾਂ ਨੂੰ ਦੀਵਾਲੀ ਵਾਲੇ ਦਿਨ ਘਰਾਂ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਇਹ ਧੂੰਆਂ ਅਤੇ ਪਟਾਖਿਆਂ ਦੀ ਰਹਿੰਦ ਖੂੰਹਦ ਵਾਤਾਵਾਰਨ ਨੂੰ ਵੀ ਪ੍ਰਦੂਸ਼ਿਤ ਕਰਦੀ ਹੈ।
ਉਹਨਾਂ ਕਿਹਾ ਕਿ ਪਟਾਖਿਆਂ ਕਾਰਨ ਅੱਖਾਂ ਵਿਚ ਸੱਟਾਂ ਲੱਗਣ ਦੀਆਂ ਘਟਨਾਵਾਂ ਵੱਧ ਜਾਂਦੀਆਂ ਹਨ ਇਸ ਲਈ ਪਟਾਖਿਆਂ ਤੋਂ ਬਚਾਅ ਬਹੁਤ ਜਰੂਰੀ ਹੈ। ਜੇਕਰ ਬੱਚੇ ਪਟਾਕੇ ਚਲਾਉਂਦੇ ਹਨ ਤਾਂ ਵੱਡਿਆਂ ਦੀ ਨਿਗਰਾਨੀ 'ਚ ਚਲਾਉਣ ਅਤੇ ਹੱਥਾਂ 'ਚ ਫੜ ਕੇ ਨਾ ਚਲਾਉਣ ਤਾਂ ਜੋ ਅਣਸੁਖਾਵੀਂ ਘਟਨਾ ਨਾ ਵਾਪਰੇ। ਉਨ੍ਹਾਂ ਕਿਹਾ ਕਿ ਦੀਵਾਲੀ ਮੌਕੇ ਰੇਸ਼ਮੀ ਅਤੇ ਢਿੱਲੇ ਕੱਪੜੇ ਨਾ ਪਾਓ। ਅਨਚੱਲੇ ਪਟਾਖਿਆਂ ਨੂੰ ਬੱਚੇ ਦੁਬਾਰਾ ਚਲਾਉਣ ਦੀ ਕੋਸ਼ਿਸ਼ ਕਰਦੇ ਹਨ, ਜੋ ਕਿਸੇ ਵੀ ਸਮੇਂ ਫਟ ਸਕਦੇ ਹਨ। ਇਸ ਲਈ ਅਨਚੱਲੇ ਪਟਾਕੇ ਚਲਾਉਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਹੈ ਜੇਕਰ ਪਟਾਕਿਆਂ ਕਾਰਨ ਅੱਖ ਵਿਚ ਸੱਟ ਲੱਗ ਜਾਵੇ ਤਾਂ ਉਸ ਨੂੰ ਮਲੱਣਾ ਨਹੀਂ ਚਾਹੀਦਾ ਅਤੇ ਨਾ ਹੀ ਰਗੜਨਾ ਚਾਹੀਦਾ ਹੈ ਤੇ ਤੁਰੰਤ ਅੱਖਾਂ ਦੇ ਮਾਹਰ ਡਾਕਟਰ ਨੂੰ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਪਟਾਖੇ ਚਲਾਉਣ ਦੌਰਾਨ ਲੱਗੀ ਸੱਟ ਵਿਚ ਲੋਕ ਘਰੇਲੂ ਓਹੜ ਪੋਹੜ ਕਰਨ ਲੱਗ ਜਾਂਦੇ ਹਨ ਜੋ ਕਿ ਗਲਤ ਹੈ। ਅੱਖਾਂ ਨਿਆਮਤ ਹਨ, ਥੋੜੀ ਜਿਹੀ ਲਾਪਰਵਾਹੀ ਕਾਰਨ ਰੋਸ਼ਨੀ ਕਿਉਂ ਗਵਾਈਏ।
ਡਾ ਪਵਨ ਨੇ ਤਿਉਹਾਰ ਦੇ ਮੱਦੇਨਜਰ ਲੋਕਾਂ ਨੂੰ ਸ਼ੁੱਧ ਘਰ ਦਾ ਖਾਣਾ, ਘਰ ਦੀਆਂ ਬਣੀਆਂ ਮਠਿਆਈਆਂ ਅਤੇ ਫ਼ਲ ਖਾਣ ਦੀ ਸਲਾਹ ਦਿੱਤੀ ਅਤੇ ਬਾਜ਼ਾਰਾਂ ਦੇ ਖਾਣੇ, ਸ਼ਰਾਬ ਅਤੇ ਹੋਰ ਨਸ਼ਿਆਂ ਤੋਂ ਪ੍ਰਹੇਜ਼ ਕਰਨ ਦੀ ਸਲਾਹ ਦਿੱਤੀ।

Comments