-ਸਤਲੁਜ ਦਰਿਆ ਤੇ ਬਿਸਤ ਦੁਆਬ ਨਹਿਰ ’ਚ ਨਹਾਉਣ ਦੀ ਮਨਾਹੀ

 ਨਵਾਂਸ਼ਹਿਰ/ ਦਲਜੀਤ ਅਜਨੋਹਾ
        ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਰਾਜੇਸ਼ ਧੀਮਾਨ ਨੇ ਜ਼ਿਲ੍ਹੇ ਦੀ ਹਦੂਦ ਅੰਦਰ ਪੈਂਦੇ ਦਰਿਆ ਸਤਲੁਜ ਅਤੇ ਬਿਸਤ ਦੁਆਬ ਨਹਿਰ ’ਚ ਨਹਾਉਣ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਭਾਰਤੀ ਨਾਗਰਿਕ ਸੁਰੱਕਸ਼ਾ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਹ ਮਨਾਹੀ, ਇਨ੍ਹਾਂ ਦੋਵਾਂ ਥਾਂਵਾਂ ’ਤੇ ਨਹਾਉੁਣ ਵਾਲਿਆਂ ਦੇ ਡੂੰਘੇ ਪਾਣੀ ’ਚ ਜਾਣ ਅਤੇ ਪਾਣੀ ਵਿਚ ਡੁੱਬਣ ਨਾਲ ਹੋਈਆਂ ਅਣਸੁਖਾਵੀਂਆਂ ਘਟਨਾਵਾਂ ਦੇ ਮੱਦੇਨਜ਼ਰ ਕੀਤੀ ਹੈ।
          ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰਨ ਕਾਰਨ ਪਰਿਵਾਰ ਦੇ ਨਾਲ-ਨਾਲ ਜ਼ਿਲ੍ਹਾ ਪ੍ਰਸ਼ਾਸਨ ਵੀ ਦੁੱਖ ਮਹਿਸੂਸ ਕਰਦਾ ਹੈ, ਜਿਸ ਲਈ ਇਹ ਰੋਕ ਲਾਈ ਜਾਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਮੌਕੇ ’ਤੇ ਨਹਾਉਂਦਾ ਫੜਿਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਪੁਲਿਸ ਵਿਭਾਗ ਵੱਲੋਂ ਨਿਯਮਾਂ ਅਨੁਸਾਰ ਕੇਸ ਦਰਜ ਕੀਤਾ ਜਾ ਸਕਦਾ ਹੈ। ਇਹ ਹੁਕਮ 22 ਦਸੰਬਰ 2024 ਤੱਕ ਲਾਗੂ ਰਹਿਣਗੇ।

Comments