ਪਿਛਲੇ ਤਿੰਨ ਮਹੀਨਿਆਂ ਵਿੱਚ 13 ਕੋਰਨੀਆ ਬਲਾਇੰਡਨੈਸ ਪੀੜ੍ਹਿਤਾਂ ਨੂੰ ਪ੍ਰਦਾਨ ਕੀਤੀ ਰੋਸ਼ਨੀ: ਸੰਜੀਵ ਅਰੋੜਾ

 ਹੁਸ਼ਿਆਰਪੁਰ/ਦਲਜੀਤ ਅਜਨੋਹਾ
ਰੋਟਰੀ ਆਈ ਬੈਂਕ ਅਤੇ ਕੋਰਨੀਆ ਟਰਾਂਸਪਲਾਂਟ ਸੁਸਾਇਟੀ ਦੀ ਵਿਸ਼ੇਸ਼ ਬੈਠਕ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਦੀ ਪ੍ਰਧਾਨਗੀ ਵਿੱਚ ਹੋਈ। ਇਸ ਮੌਕੇ ਤੇ ਚੇਅਰਮੈਨ ਜੇ.ਬੀ.ਬਹਿਲ ਅਤੇ ਹੋਰ ਅਹੁੱਦੇਦਾਰਾਂ ਨੇ ਪਿਛਲੇ ਤਿੰਨ ਮਹੀਨਿਆਂ ਵਿੱਚ ਸੁਸਾਇਟੀ ਵਲੋਂ ਕੀਤੇ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਆਉਣ ਵਾਲੇ ਸਮੇਂ ਦੀਆਂ ਗਤੀਵਿਧੀਆਂ ਤੈਅ ਕੀਤੀਆਂ।
ਇਸ ਮੌਕੇ ਤੇ ਪ੍ਰਧਾਨ ਸੰਜੀਵ ਅਰੋੜਾ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ ਸੁਸਾਇਟੀ ਵਲੋਂ 13 ਕੋਰਨੀਅਲ ਬਲਾਇੰਡਨੈਸ ਪੀੜ੍ਹਿਤਾਂ ਦੇ ਮੁਫਤ ਆਪ੍ਰੇਸ਼ਨ ਕਰਵਾਕੇ ਉਨ੍ਹਾਂ ਨੂੰ ਰੋਸ਼ਨੀ ਪ੍ਰਦਾਨ ਕੀਤੀ।ਇਸ ਦੇ ਨਾਲ ਹੁਣ ਤੱਕ ਦੀ ਕੁਲ ਸੰਖਿਆ 4120 ਲੋਕਾਂ ਨੂੰ ਰੋਸ਼ਨੀ ਪ੍ਰਦਾਨ ਕੀਤੀ ਗਈ ਅਤੇ 24 ਸਰੀਰ ਮਰਨ ਤੋਂ ਬਾਅਦ ਵਿਭਿੰਨ ਮੈਡੀਕਲ ਕਾਲਜਾਂ ਨੂੰ ਖੋਜ ਦੇ ਲਈ ਭੇਜੇ ਗਏ ਅਤੇ 210 ਲੋਕਾਂ ਵਲੋਂ ਹੁਣ ਤੱਕ ਮਰਨ ਤੋਂ ਬਾਅਦ ਸਰੀਰ ਦਾਨ ਕਰਨ ਲਈ ਰਜਿਸਟ੍ਰੇਸ਼ਨ ਕਰਵਾਈ ਜਾ ਚੁੱਕੀ ਹੈ। ਸ਼੍ਰੀ ਅਰੋੜਾ ਨੇ ਕਿਹਾ ਕਿ ਅਜੇ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਹਨ ਜਿਹੜੇ ਕੋਰਨੀਆ ਬਲਾਇੰਡਨੈਸ ਤੋਂ ਪੀੜਿਤ ਹਨ ਅਤੇ ਰੋਸ਼ਨੀ ਦੀ ਇੰਤਜ਼ਾਰ ਵਿੱਚ ਹਨ ਤਾਂਕਿ ਉਹ ਵੀ ਇਸ ਸੋਹਣੇ ਸੰਸਾਰ ਨੂੰ ਦੇਖ ਸਕਣ ਅਤੇ ਆਪਣੀ ਜ਼ਿੰਦਗੀ ਨੂੰ ਆਤਮ-ਨਿਰਭਰ ਬਣਾ ਸਕਣ। ਸ਼੍ਰੀ ਅਰੋੜਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨੇਤਰਦਾਨ ਸਹੰੁ ਪੱਤਰ ਭਰਨ ਦੇ ਲਈ ਅੱਗੇ ਆਉਣ ਤਾਂਕਿ ਇਸ ਬਿਮਾਰੀ ਤੋਂ ਪੀੜ੍ਹਿਤ ਲੋਕਾਂ ਦੇ ਆਪ੍ਰੇਸ਼ਨ ਕਰਵਾਏ ਜਾ ਸਕਣ ਅਤੇ ਜਿਨ੍ਹਾਂ ਪਰਿਵਾਰਾਂ ਵਿੱਚ ਕਿਸੇ ਦੇ ਰਿਸ਼ਤੇਦਾਰ ਦੀ ਮੌਤ ਹੁੰਦੀ ਹੈ ਉਹ ਇਨ੍ਹਾਂ ਮਰੀਜਾਂ ਦੀ ਹਾਲਤ ਨੂੰ ਦੇਖਦੇ ਹੋਏ ਨੇਤਰਦਾਨ ਕਰਨ ਤਾਂਕਿ ਉਹ ਵੀ ਇਸ ਸੋਹਣੇ ਸੰਸਾਰ ਦਾ ਆਨੰਦ ਮਾਣ ਸਕਣ।
ਇਸ ਮੌਕੇ ਤੇ ਚੇਅਰਮੈਨ ਜੇ.ਬੀ.ਬਹਿਲ ਨੇ ਕਿਹਾ ਜਲਦੀ ਹੀ ਸੁਸਾਇਟੀ ਵਲੋਂ ਇਕ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ ਅਤੇ ਇਸ ਵਿੱਚ ਉਨ੍ਹਾਂ ਲੋਕਾਂ ਨੂੰ ਬੁਲਾਇਆ ਜਾਵੇਗਾ ਜਿਨ੍ਹਾਂ ਨੂੰ ਅੱਖਾਂ ਪਾਈਆ ਗਈਆਂ ਹਨ ਤਾਂਕਿ ਉਹ ਅੱਖ ਲੱਗਣ ਤੋਂ ਬਾਅਦ ਆਪਣੇ ਅਨੁਭਵ ਲੋਕਾਂ ਨਾਲ ਸਾਂਝਾ ਕਰ ਸਕਣ। ਇਸ ਨਾਲ ਲੋਕ ਇਹ ਜਾਣ ਜਾਣਗੇ ਕਿ ਅੱਖਾਂ ਦੀ ਸਾਡੇ ਜੀਵਨ ਵਿੱਚ ਕੀ ਮਹੱਤਤਾ ਹੈ ਅਤੇ ਇਸ ਦੀ ਸੰਭਾਲ ਕਿਵੇਂ ਕਰਨੀ ਹੈ। ਇਸ ਮੌਕੇ ਤੇ ਪ੍ਰਿੰ:ਡੀ.ਕੇ.ਸ਼ਰਮਾ, ਮਦਨ ਲਾਲ ਮਹਾਜਨ, ਪ੍ਰੋ.ਦਲਜੀਤ ਸਿੰਘ, ਵੀਨਾ ਚੋਪੜਾ, ਅਵੀਨਾਸ਼ ਸੂਦ, ਕੁਲਦੀਪ ਰਾਏ ਗੁਪਤਾ, ਜਸਵੀਰ ਕੰਵਰ, ਅਮਿਤ ਨਾਗਪਾਲ ਅਤੇ ਹੋਰ ਮੌਜੂਦ ਸਨ।


Comments