ਕੇਵਲ ਸਤਸੰਗ ਹੀ ਆਤਮਿਕ ਸ਼ਾਂਤੀ, ਪ੍ਰੇਮ ਅਤੇ ਆਪਸੀ ਸਦਭਾਵ ਦਾ ਮਾਧਿਅਮ*


ਹੁਸ਼ਿਆਰਪੁਰ/ਦਲਜੀਤ ਅਜਨੋਹਾ 
- ਸਤਸੰਗ ਹੀ ਇੱਕ ਐਸਾ ਮਾਧਿਅਮ ਹੈ ਜਿੱਥੇ ਮਨੁੱਖ ਨੂੰ ਆਤਮਿਕ ਸ਼ਾਂਤੀ, ਪ੍ਰੇਮ ਅਤੇ ਆਪਸੀ ਸਦਭਾਵ ਦਾ ਅਨੁਭਵ ਹੁੰਦਾ ਹੈ। ਇੱਥੇ ਸਾਰੇ ਇਕ-ਦੂਜੇ ਨਾਲ ਨਿਸ਼ਕਾਮ ਪ੍ਰੇਮ ਕਰਦੇ ਹਨ ਅਤੇ ਨਿਮਰਤਾ ਤੇ ਸੇਵਾ ਦੀ ਭਾਵਨਾ ਨੂੰ ਅਪਣਾਉਂਦੇ ਹਨ। ਇੱਥੇ ਆ ਕੇ ਜੋ ਵਿਅਕਤੀ ਅਹੰਕਾਰ ਤੋਂ ਦੂਰ ਰਹਿ ਕੇ ਆਪਣੇ ਆਪ ਨੂੰ ਪਰਮਾਤਮਾ ਦੀ ਕਿਰਪਾ ਦਾ ਪਾਤਰ ਮੰਨਦਾ ਹੈ, ਉਹ ਸੱਚੇ ਅਰਥਾਂ ਵਿੱਚ ਜੀਵਨ ਦਾ ਆਨੰਦ ਪ੍ਰਾਪਤ ਕਰਦਾ ਹੈ। ਮੌਲੀਜਾਗਰਾਂ ਵਿਖੇ ਸਥਿਤ ਸੰਤ ਨਿਰੰਕਾਰੀ ਸਤਸੰਗ ਭਵਨ ਵਿੱਚ ਆਯੋਜਿਤ ਵਿਸ਼ਾਲ ਸੰਤ ਸਮਾਗਮ ਦੌਰਾਨ ਲੁਧਿਆਣਾ ਤੋਂ ਪਹੁੰਚੇ ਕੇਂਦਰੀ ਯੋਜਨਾ ਅਤੇ ਸਲਾਹਕਾਰ ਬੋਰਡ ਦੇ ਵਾਈਸ ਚੇਅਰਮੈਨ ਸ੍ਰੀ ਐਚ. ਐਸ. ਚਾਵਲਾ ਜੀ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਹਾਜ਼ਰ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਇਹ ਵਿਚਾਰ ਪ੍ਰਗਟ ਕੀਤੇ।

ਮਨੁੱਖੀ ਜੀਵਨ ਵਿੱਚ ਸਫਲਤਾ, ਖੁਸ਼ਹਾਲੀ ਅਤੇ ਸਕਾਰਾਤਮਕ ਸੋਚ ਦੇ ਮਹੱਤਵ ’ਤੇ ਰੌਸ਼ਨੀ ਪਾਉਂਦੇ ਹੋਏ ਸ੍ਰੀ ਚਾਵਲਾ ਜੀ ਨੇ ਕਿਹਾ ਕਿ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਲਕਸ਼ ਨਿਰਧਾਰਤ ਕਰਨਾ ਬਹੁਤ ਜ਼ਰੂਰੀ ਹੈ। ਜਦੋਂ ਮਨੁੱਖ ਆਪਣੇ ਉਦੇਸ਼ ਨੂੰ ਸਪਸ਼ਟ ਕਰ ਲੈਂਦਾ ਹੈ ਅਤੇ ਉਸਨੂੰ ਪ੍ਰਾਪਤ ਕਰਨ ਲਈ ਨਿਰੰਤਰ ਮਿਹਨਤ ਕਰਦਾ ਹੈ, ਤਦੋਂ ਹੀ ਉਹ ਆਪਣੇ ਜੀਵਨ ਨੂੰ ਸਾਰਥਕ ਬਣਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਵਲ ਮਿਹਨਤ ਹੀ ਕਾਫੀ ਨਹੀਂ ਹੁੰਦੀ, ਸਗੋਂ ਸਕਾਰਾਤਮਕ ਸੋਚ ਵੀ ਸਫਲਤਾ ਦੀ ਕੁੰਜੀ ਹੈ। ਸਕਾਰਾਤਮਕ ਵਿਚਾਰ ਮਨੁੱਖ ਨੂੰ ਮੁਸ਼ਕਲ ਹਾਲਾਤਾਂ ਵਿੱਚ ਵੀ ਅੱਗੇ ਵੱਧਣ ਦੀ ਪ੍ਰੇਰਣਾ ਦਿੰਦੇ ਹਨ।

ਸ੍ਰੀ ਚਾਵਲਾ ਜੀ ਨੇ ਸੇਵਾ ਅਤੇ ਪਰਉਪਕਾਰ ਦੀ ਭਾਵਨਾ ਨੂੰ ਮਨੁੱਖੀ ਜੀਵਨ ਦਾ ਮਹੱਤਵਪੂਰਨ ਆਧਾਰ ਦੱਸਦਿਆਂ ਕਿਹਾ ਕਿ ਜਦੋਂ ਅਸੀਂ ਦੂਜਿਆਂ ਦੀ ਸਹਾਇਤਾ ਕਰਦੇ ਹਾਂ ਤਾਂ ਸਾਨੂੰ ਆਤਮਿਕ ਸੰਤੁਸ਼ਟੀ ਅਤੇ ਅਸਲ ਖੁਸ਼ੀ ਪ੍ਰਾਪਤ ਹੁੰਦੀ ਹੈ। ਉਨ੍ਹਾਂ ਸ਼ਰਧਾਲੂਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਮਨੁੱਖਤਾ, ਪ੍ਰੇਮ ਅਤੇ ਭਾਈਚਾਰੇ ਨੂੰ ਅਪਣਾਉਣਾ ਚਾਹੀਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਪਰਮਾਤਮਾ ’ਤੇ ਅਟੁੱਟ ਵਿਸ਼ਵਾਸ ਰੱਖਣ ਵਾਲਾ ਵਿਅਕਤੀ ਕਦੇ ਨਿਰਾਸ਼ ਨਹੀਂ ਹੁੰਦਾ। ਪ੍ਰਭੂ ਵਿੱਚ ਆਸਥਾ ਮਨੁੱਖ ਨੂੰ ਜੀਵਨ ਦੇ ਸੰਘਰਸ਼ਾਂ ਨਾਲ ਲੜਨ ਦੀ ਤਾਕਤ ਪ੍ਰਦਾਨ ਕਰਦੀ ਹੈ। ਉਨ੍ਹਾਂ ਸੰਗਤ ਨੂੰ ਸਦਾ ਖੁਸ਼ ਰਹਿਣ, ਮੁਸਕੁਰਾਉਣ ਅਤੇ ਜੀਵਨ ਨੂੰ ਸਕਾਰਾਤਮਕ ਨਜ਼ਰੀਏ ਨਾਲ ਦੇਖਣ ਦਾ ਸੰਦੇਸ਼ ਦਿੱਤਾ।

ਇਸ ਤੋਂ ਪਹਿਲਾਂ ਇੱਥੋਂ ਦੇ ਜੋਨਲ ਇੰਚਾਰਜ ਸ੍ਰੀ ਓ. ਪੀ. ਨਿਰੰਕਾਰੀ ਅਤੇ ਮਨੀਮਾਜਰਾ ਬ੍ਰਾਂਚ ਦੇ ਮੁਖੀ ਸ੍ਰੀ ਅਮਰਜੀਤ ਸਿੰਘ ਜੀ ਨੇ ਵੀ ਆਪਣੇ ਭਾਵ ਪ੍ਰਗਟ ਕੀਤੇ ਅਤੇ ਲੁਧਿਆਣਾ ਤੋਂ ਪਹੁੰਚੇ ਸ੍ਰੀ ਚਾਵਲਾ ਜੀ ਦਾ ਸਾਰੀ ਸਾਧ ਸੰਗਤ ਵੱਲੋਂ ਧੰਨਵਾਦ ਅਤੇ ਸਵਾਗਤ ਕੀਤਾ।

Comments