ਹੁਸ਼ਿਆਰਪੁਰ/ਦਲਜੀਤ ਅਜਨੋਹਾ
ਬੱਚਿਆਂ ਦੀ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਦੀ ਲੋੜ ਹੈ। ਇਹ ਵਿਚਾਰ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਨਿੱਕੀਆਂ ਕਰੂੰਬਲਾਂ ਬਾਲ ਰਸਾਲੇ ਦੇ ਸੰਪਾਦਕ ਬਲਜਿੰਦਰ ਮਾਨ ਨੇ ਸਰਕਾਰੀ ਐਲੀਮੈਂਟਰੀ ਸਕੂਲ ਬ੍ਰਾਂਚ ਕਲੋਨੀ ਮਾਹਿਲਪੁਰ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਆਖੇ। ਉਹਨਾਂ ਅੱਗੇ ਕਿਹਾ ਕਿ ਹਰ ਅਧਿਆਪਕ ਨੂੰ ਬੱਚੇ ਦੀ ਮਾਨਸਿਕਤਾ ਪੜ੍ਹਨੀ ਚਾਹੀਦੀ ਹੈ ਤਾਂ ਕਿ ਉਸਦੀ ਕਲਾ ਨੂੰ ਪ੍ਰਫੁੱਲਤ ਹੋਣ ਦਾ ਮੌਕਾ ਮਿਲ ਸਕੇ। ਜੇਕਰ ਅਸੀਂ ਬੱਚਿਆਂ ਨੂੰ ਜੀਵਨ ਦੇ ਹਰ ਖੇਤਰ ਨਾਲ ਸੰਬੰਧਿਤ ਗਤੀਵਿਧੀਆਂ ਰਾਹੀਂ ਮੌਕੇ ਦੇਵਾਂਗੇ ਤਾਂ ਉਹਨਾਂ ਦੀ ਪ੍ਰਤਿਭਾ ਨਿਖਰੇਗੀ। ਉਹਨਾਂ ਵਿਦਿਆਰਥੀਆਂ ਨਾਲ ਸੰਵਾਦ ਰਚਾਉਣਾ ਉਪਰੰਤ ਸਕੂਲ ਨੂੰ ਬੁਲੰਦੀਆਂ ਤੇ ਪਹੁੰਚਾਉਣ ਵਾਲੀ ਹੈਡ ਟੀਚਰ ਸੁਰੇਖਾ ਰਾਣੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਅਧਿਆਪਕਾਂ ਦੀ ਸਿੱਖਿਆ ਜਗਤ ਨੂੰ ਵਿਸ਼ੇਸ਼ ਲੋੜ ਜਿਹੜੇ ਹਰ ਮਹੀਨੇ10-15 ਹਜ਼ਾਰ ਦੇ ਕਰੀਬ ਰਾਸ਼ੀ ਬੱਚਿਆਂ ਦੀ ਬਿਹਤਰੀ ਤੇ ਆਪਣੇ ਪੱਲਿਓਂ ਖਰਚਦੇ ਹਨ। ਉਹਨਾਂ ਦੀ ਅਗਵਾਈ ਹੇਠ ਵਿਦਿਆਰਥੀ ਹਰ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰ ਰਹੇ ਹਨ। ਜਿਸ ਵਾਸਤੇ ਸਾਡੀ ਸਭ ਦੀ ਜਿੰਮੇਵਾਰੀ ਹੈ ਕਿ ਅਸੀਂ ਉਹਨਾਂ ਨੂੰ ਸ਼ਾਬਾਸ਼ ਦੇ ਕੇ ਉਹਨਾਂ ਦੇ ਸਹਿਯੋਗੀ ਬਣੀਏ।
ਇਸ ਮੌਕੇ ਮੈਡਮ ਸੁਰੇਖਾ ਰਾਣੀ ਅਤੇ ਰਮਨਦੀਪ ਕੌਰ ਨੇ ਸ਼੍ਰੀ ਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਬਹੁਤ ਮਾਣ ਹੈ ਕਿ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਬਾਲ ਰਸਾਲਾ ਨਿੱਕੀਆਂ ਕਰੂੰਬਲਾਂ ਉਹਨਾਂ ਦੇ ਸ਼ਹਿਰ ਮਾਹਿਲਪੁਰ ਤੋਂ ਸ਼੍ਰੀ ਬਲਜਿੰਦਰ ਮਾਨ ਦੁਆਰਾ 30 ਸਾਲ ਤੋਂ ਸੰਪਾਦਿਤ ਤੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਉਹਨਾਂ ਵੱਲੋਂ ਬੱਚਿਆਂ ਨੂੰ ਬਾਲ ਪੁਸਤਕਾਂ ਅਤੇ ਰਸਾਲੇ ਦੀਆਂ ਕਾਪੀਆਂ ਤੋਹਫੇ ਵਜੋਂ ਦਿੱਤੀਆਂ ਗਈਆਂ। ਵਿਦਿਆਰਥੀਆਂ ਨੇ ਆਪਣੀਆਂ ਸ਼ਾਨਦਾਰ ਕਲਾਵਾਂ ਨਾਲ ਸਭ ਦਾ ਮਨ ਮੋਹਿਆ।ਸਕੂਲ ਮੈਨੇਜਿੰਗ ਕਮੇਟੀ ਦੀ ਚੇਅਰ ਪਰਸਨ ਸਰਬਜੀਤ ਕੌਰ ਅਤੇ ਸਟਾਫ ਮੈਂਬਰਾਂ ਵੱਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਗੋਸ਼ਟੀ ਮੌਕੇ ਗਊ ਸੇਵਕ ਕਾਕਾ ਤਨੇਜਾ, ਰਮਨਦੀਪ ਕੌਰ, ਭੁਪਿੰਦਰ ਕੌਰ ਅਤੇ ਸ਼ਿਵਾਨੀ ਸਮੇਤ ਸਕੂਲ ਮੈਨੇਜਿੰਗ ਕਮੇਟੀ, ਸਟਾਫ ਮੈਂਬਰ, ਬੱਚੇ ਅਤੇ ਮਾਪੇ ਹਾਜ਼ਰ ਹੋਏ।
Comments
Post a Comment