ਮਾਤਾ ਤ੍ਰਿਸ਼ਨਾ ਕੁਮਾਰੀ ਨੇ ਆਪਣੇ ਪਰਿਵਾਰ ਸਮੇਤ ਅੱਖਾਂ ਦਾਨ ਕਰਨ ਦਾ ਪ੍ਰਣ ਪੱਤਰ ਭਰ ਕੇ ਮਿਸਾਲ ਕਾਇਮ ਕੀਤੀ : ਸੰਜੀਵ ਅਰੋੜਾ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਰੋਟਰੀ ਆਈ ਬੈਂਕ ਅਤੇ ਕੋਰਨੀਆ ਟਰਾਂਸਪਲਾਂਟ ਸੁਸਾਇਟੀ ਵੱਲੋਂ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਸੰਜੀਵ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਬੈਸਟ ਐਨਕਲੇਵ ਦੀ ਵਸਨੀਕ ਸ੍ਰੀਮਤੀ ਤ੍ਰਿਸ਼ਨਾ ਕੁਮਾਰੀ ਨੇ ਆਪਣੇ ਪਤੀ ਦੀ ਪਹਿਲੀ ਬਰਸੀ `ਤੇ ਆਪਣੇ ਪਰਿਵਾਰ ਸਮੇਤ ਅੱਖਾਂ ਦਾਨ ਕਰਨ ਦਾ ਪ੍ਰਣ ਪੱਤਰ ਭਰ ਕੇ ਇਕ ਮਿਸਾਲ ਕਾਇਮ ਕੀਤੀ ਹੈ। ਜਿਸ ਵਿੱਚ ਸ਼ਿਵਾਨੀ, ਸੁਰਭੀ (ਧੀਆਂ), ਨਵਦੀਪ ਕੁਮਾਰ (ਜਵਾਈ), ਹਿਮਾਨੀ (ਨੂੰਹ) ਨੇ ਵੀ ਪ੍ਰਣ ਪੱਤਰ ਭਰੇ।
ਇਸ ਮੌਕੇ ਪ੍ਰਧਾਨ ਸੰਜੀਵ ਅਰੋੜਾ ਨੇ ਕਿਹਾ ਕਿ ਇਕ ਵਿਅਕਤੀ ਵੱਲੋਂ ਦਾਨ ਕੀਤੀਆਂ ਗਈਆਂ ਅੱਖਾਂ ਦੋ ਵਿਅਕਤੀਆਂ ਦੀ ਹਨੇਰੀ ਜ਼ਿੰਦਗੀ ਨੂੰ ਰੌਸ਼ਨੀ ਦਿੰਦੀਆਂ ਹਨ ਪਰ ਫਿਰ ਵੀ ਦੇਸ਼ ਵਿਚ ਕੋਰਨੀਆ ਅੰਨ੍ਹੇਪਣ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੈ ਅਤੇ ਮਰਨ ਉਪਰੰਤ ਅੱਖਾਂ ਦਾਨ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਆਪਣੀਆਂ ਅੱਖਾਂ ਦਾਨ ਕਰਨ ਦਾ ਪ੍ਰਣ ਪੱਤਰ ਭਰਨਾ ਚਾਹੀਦਾ ਹੈ ਤਾਂ ਜੋ ਜਿਹੜੇ ਲੋਕ ਹਨੇਰੀ ਜ਼ਿੰਦਗੀ ਜੀ ਰਹੇ ਹਨ ਅਤੇ ਦੇਖ ਨਹੀਂ ਸਕਦੇ ਉਹ ਵੀ ਪਰਮਾਤਮਾ ਦੁਆਰਾ ਬਣਾਏ ਸੰਸਾਰ ਨੂੰ ਦੇਖ ਸਕਣ। ਆਓ, ਅੱਖਾਂ ਦਾਨ ਕਰਨ ਦਾ ਪ੍ਰਣ ਪੱਤਰ ਭਰ ਕੇ ਇਸ ਨੇਕ ਕੰਮ ਵਿੱਚ ਹਿੱਸਾ ਲਈਏ, ਤਾਂ ਜੋ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਵੀ ਸਾਡੀਆਂ ਅੱਖਾਂ ਕਿਸੇ ਹੋਰ ਦੁਆਰਾ ਇਸ ਸੰਸਾਰ ਨੂੰ ਦੇਖ ਸਕਣ। ਅਰੋੜਾ ਨੇ ਕਿਹਾ ਕਿ ਪ੍ਰਣ ਪੱਤਰ ਭਰਨ ਵਾਲਿਆਂ ਨੂੰ ਸੁਸਾਇਟੀ ਵੱਲੋਂ ਸਨਮਾਨਿਤ ਵੀ ਕੀਤਾ ਜਾਂਦਾ ਹੈ ਤਾਂ ਜੋ ਹੋਰ ਲੋਕਾਂ ਨੂੰ ਵੀ ਪ੍ਰੇਰਣਾ ਮਿਲ ਸਕੇ।
ਇਸ ਮੌਕੇ ਚੇਅਰਮੈਨ ਜੇ.ਬੀ. ਬਹਿਲ ਨੇ ਹਾਜ਼ਰੀਨ ਨੂੰ ਦੱਸਿਆ ਕਿ ਅੱਖਾਂ ਪ੍ਰਾਪਤ ਕਰਨ ਤੋਂ ਲੈ ਕੇ ਕੋਰਨੀਅਲ ਅੰਨ੍ਹੇਪਣ ਤੋਂ ਪੀੜਤ ਦਾ ਆਪ੍ਰੇਸ਼ਨ ਕਰਵਾ ਕੇ ਉਸ ਨੂੰ ਅੱਖ ਲਗਵਾ ਕੇ ਅਤੇ ਦਵਾਈਆਂ ਆਦਿ ਦਾ ਖਰਚਾ ਸੁਸਾਇਟੀ ਵੱਲੋਂ ਚੁੱਕਿਆ ਜਾਂਦਾ ਹੈ, ਜਿਸ ਵਿੱਚ ਦਾਨੀ ਸੱਜਣਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹੁਣ ਤੱਕ 4100 ਤੋਂ ਵੱਧ ਲੋਕਾਂ ਨੂੰ ਰੋਸ਼ਨੀ ਮੁਹੱਈਆ ਕਰਵਾਈ ਜਾ ਚੁੱਕੀ ਹੈ ਅਤੇ ਇਹ ਸਿਲਸਿਲਾ ਅੱਖਾਂ ਦਾਨ ਕਰਨ ਵਾਲਿਆਂ ਦੇ ਸਹਿਯੋਗ ਨਾਲ ਅੱਗੇ ਵੀ ਜਾਰੀ ਰਹੇਗਾ।
ਇਸ ਮੌਕੇ ਪਰਿਵਾਰ ਦੀ ਮੁਖੀ ਮਾਤਾ ਤ੍ਰਿਸ਼ਨਾ ਕੁਮਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਦੀ ਇੱਛਾ ਸੀ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਨੇਤਰਦਾਨੀ ਕਹਿਲਾਇਆ ਜਾਵੇ। ਇਸ ਲਈ ਆਪਣੇ ਪਤੀ ਦੀ ਪਹਿਲੀ ਬਰਸੀ `ਤੇ ਪਰਿਵਾਰ ਸਮੇਤ ਅੱਖਾਂ ਦਾਨ ਕਰਨ ਦਾ ਪ੍ਰਣ ਪੱਤਰ ਭਰ ਕੇ ਉਨ੍ਹਾਂ ਦੀ ਇੱਛਾ ਪੂਰੀ ਕੀਤੀ ਅਤੇ ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਇਸੀ ਦਿਨ ਉਨ੍ਹਾਂ ਦੇ ਪਤੀ ਦੀ ਮੌਤ ਤੋਂ ਬਾਅਦ ਵੀ ਅਸੀਂ ਰੋਟਰੀ ਆਈ ਬੈਂਕ ਦੇ ਰਾਹੀਂ ਉਨ੍ਹਾਂ ਦੀਆਂ ਅੱਖਾਂ ਦਾਨ ਕੀਤੀਆਂ ਸਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਨੇਕ ਕੰਮ ਵਿੱਚ ਸਹਿਯੋਗ ਕਰਨ ਤਾਂ ਜੋ ਕਿਸੇ ਦੀ ਹਨੇਰੀ ਜ਼ਿੰਦਗੀ ਨੂੰ ਰੌਸ਼ਨੀ ਮਿਲ ਸਕੇ। ਇਸ ਮੌਕੇ ਜੇ.ਬੀ. ਬਹਿਲ, ਮਦਨ ਲਾਲ ਮਹਾਜਨ, ਵਿਜੇ ਅਰੋੜਾ, ਵੀਨਾ ਚੋਪੜਾ ਅਤੇ ਹੋਰ ਹਾਜ਼ਰ ਸਨ।
Comments
Post a Comment