ਹੁਸ਼ਿਆਰਪੁਰ / ਦਲਜੀਤ ਅਜਨੋਹਾ
ਖੇਡਾਂ ਵਤਨ ਪੰਜਾਬ ਦੀਆਂ ਦੇ ਸਟੇਟ ਪੱਧਰੀ ਬਾਕਸਿੰਗ ਮੁਕਾਬਲੇ ਜੋ ਕਿ ਐਸਬੀਐਸ ਨਗਰ ਵਿਖੇ ਕਰਵਾਏ ਗਏ, ਉਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਦੀ ਖਿਡਾਰਨ ਕੋਮਲ ਨੇ ਬਾਕਸਿੰਗ (ਅੰਡਰ 14) ਦੇ ਵਿੱਚ ਗੋਲਡ ਮੈਡਲ ਜਿੱਤ ਕੇ ਸਕੂਲ ਦਾ ਮਾਣ ਵਧਾਇਆ। ਕੋਮਲ ਨੇ ਗੋਲਡ ਮੈਡਲ ਜਿੱਤ ਕੇ ਆਪਣੇ ਜਿਲ੍ਹੇ ਹੁਸ਼ਿਆਰਪੁਰ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ। ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਹੁਸ਼ਿਆਰਪੁਰ ਲਲਿਤਾ ਅਰੋੜਾ ਉਪਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਧੀਰਜ ਵਿਸ਼ਿਸ਼ਟ, ਜ਼ਿਲ੍ਹਾ ਖੇਡ ਅਫਸਰ ਸਰਦਾਰ ਗੁਰਪ੍ਰੀਤ ਸਿੰਘ ਬਾਜਵਾ ਅਤੇ ਜ਼ਿਲ੍ਹਾ ਕੋਆਰਡੀਨੇਟਰ ਜਗਜੀਤ ਸਿੰਘ ਨੇ ਵਿਦਿਆਰਥਣ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕੋਮਲ ਨੇ ਬਹੁਤ ਹੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਬਾਕਸਿੰਗ ਦੇ ਵਿੱਚ ਇੱਕ ਵਧੀਆ ਮੁਕਾਮ ਹਾਸਿਲ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਇਸ ਖਿਡਾਰਨ ਨੂੰ 10000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਹਨਾਂ ਨੇ ਨਾਰੂ ਨੰਗਲ ਸਕੂਲ ਦੇ ਪ੍ਰਿੰਸੀਪਲ ਸ਼ੈਲੇਂਦਰ ਠਾਕੁਰ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼ੈਲੇਂਦਰ ਠਾਕੁਰ ਨੇ ਕਿਹਾ ਕਿ ਕੁਦਰਤ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੈ। ਖੇਡਾਂ ਮਨੋਰੰਜਨ ਅਤੇ ਵਿਹਲੇ ਸਮੇਂ ਦੀ ਉਚਿਤ ਵਰਤੋਂ ਦਾ ਸਭ ਤੋਂ ਵਧੀਆ ਸਾਧਨ ਹਨ। ਇਹ ਮਨੁੱਖ ਦੇ ਸਰਬਪੱਖੀ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਇਸ ਲਈ ਹਰ ਇੱਕ ਬੱਚੇ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਜਰੂਰ ਭਾਗ ਲੈਣਾ ਚਾਹੀਦਾ ਹੈ।
ਖੇਡ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਕੋਮਲ ਨੇ ਪਿਛਲੇ ਸਾਲ ਵੀ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਬਰੋਂਜ ਮੈਡਲ ਜਿੱਤਿਆ ਸੀ ਤੇ ਇਸ ਵਾਰ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਦੇ ਹੋਏ ਸਕੂਲ ਦਾ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਉਹਨਾਂ ਵੱਲੋਂ ਖਿਡਾਰਨ ਨੂੰ ਕੈਸ਼ ਪ੍ਰਾਈਜ਼ ਦਿੱਤਾ ਗਿਆ। ਸਕੂਲ ਪਹੁੰਚਣ ਤੇ ਕੋਮਲ ਨੂੰ ਪ੍ਰਿੰਸੀਪਲ ਸ਼ੈਲੇਂਦਰ ਠਾਕੁਰ, ਸਮੂਹ ਸਟਾਫ ਮੈਂਬਰ ਸਾਹਿਬਾਨ, ਐਸ ਐਮ ਸੀ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਖੇਡ ਇਨਚਾਰਜ ਸੁਰਜੀਤ ਸਿੰਘ ਨੇ ਟਰੋਫੀ ਦੇ ਕੇ ਸਨਮਾਨਿਤ ਕੀਤਾ।
Comments
Post a Comment